ਪੱਤਰ ਪ੍ਰੇਰਕ
ਮਾਨਸਾ, 4 ਜੂਨ
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦ ਵਿਚ ਬਣੇ ਨਹਿਰੂ ਮੈਮੋਰੀਅਲ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਮਾਨਸਾ ਵਿੱਚ 26 ਲੈਕਚਰਾਰਾਂ ਵਿਚੋਂ ਕੋਈ ਵੀ ਆਸਾਮੀ ਭਰੀ ਨਹੀਂ ਹੈ, ਜਦੋਂਕਿ ਇਨ੍ਹਾਂ ਖਾਲੀ ਅਸਾਮੀਆਂ ਅਧੀਨ ਗੈਸਟ ਫੈਕਲਟੀ, ਪਾਰਟ ਟਾਈਮ ਅਤੇ ਠੇਕਾ ਪ੍ਰਣਾਲੀ ਵਾਲੇ ਕੰਮ ਚਲਾ ਰਹੇ ਹਨ ਅਤੇ ਨਾ ਹੀ ਕੋਈ ਪੱਕਾ ਪ੍ਰਿੰਸੀਪਲ ਹੈ।
ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਨਹਿਰੂ ਕਾਲਜ ਵਿਚ ਇਸ ਸਮੇਂ ਕੋਈ ਪੱਕਾ ਪ੍ਰਿੰਸੀਪਲ ਨਹੀਂ ਹੈ। ਪੜ੍ਹਾਈ ਦਾ ਕਾਰਜ ਗੈਸਟ ਫੈਕਲਟੀ ਅਤੇ ਪਾਰਟ ਟਾਈਮ, ਠੇਕਾ ਪ੍ਰਣਾਲੀ ਅਧੀਨ ਰੱਖੇ ਲੈਕਚਰਾਰਾਂ ਦੇ ਸਹਾਰੇ ਚੱਲ ਰਿਹਾ ਹੈ। ਬੱਚਿਆਂ ਦੀ ਮੌਜੂਦਾ ਗਿਣਤੀ ਦੇ ਹਿਸਾਬ ਨਾਲ ਕਾਲਜ ਵਿਚ 60 ਪੱਕੇ ਲੈਕਚਰਾਰਾਂ ਦੀ ਜ਼ਰੂਰਤ ਹੈ ਅਤੇ ਸਟਾਫ਼ ਦੀ ਉਪਲਬੱਧਤਾ ਪੱਖੋਂ ਇਹ ਪੁਜੀਸ਼ਨ ਪੰਜਾਬ ਦੇ ਸਾਰੇ ਕਾਲਜਾਂ ਨਾਲੋਂ ਮਾੜੀ ਹੈ।
ਕਾਲਜ ਵਿਚ ਖਾਲੀ ਆਸਾਮੀਆਂ ਦੇ ਮਾਮਲੇ ਨੂੰ ਮਾਨਸਾ ਦੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ 2021 ’ਚ ਵਿਧਾਨ ਸਭਾ ਵਿੱਚ ਇੱਕ ਸਵਾਲ ਉਠਾ ਕੇ ਵੀ ਉਭਾਰਿਆ ਗਿਆ ਸੀ, ਪਰ ਇਸ ਦੇ ਬਾਵਜੂਦ ਨਾ ਆਸਾਮੀਆਂ ਨੂੰ ਭਰਿਆ ਗਿਆ ਹੈ ਅਤੇ ਨਾ ਹੀ ਪੰਜਾਬੀ ਅਤੇ ਰਾਜਨੀਤੀ ਸ਼ਾਸਤਰ ਤੋਂ ਬਿਨਾਂ ਕੋਈ ਹੋਰ ਐਮਏ ਆਈ ਹੈ।
ਸਾਬਕਾ ਵਿਧਾਇਕ ਅਤੇ ਸੰਯੁਕਤ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਜ਼ਿਲ੍ਹੇ ਵਿਚ ਕਾਲਜਾਂ ਦੀ ਘਾਟ ਕਾਰਨ ਗ੍ਰੈਜੂਏਸ਼ਨ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਪੰਜਾਬ ਦੀ ਔਸਤ ਤੋਂ ਅੱਧੀ ਹੈ, ਜੋ ਕਿ ਜ਼ਿਲ੍ਹੇ ਦੇ ਵਿਦਿਅਕ ਪਛੜੇਵੇਂ ਦਾ ਮੁੱਖ ਕਾਰਨ ਹੈ।