ਜੋਗਿੰਦਰ ਸਿੰਘ ਮਾਨ
ਮਾਨਸਾ, 20 ਅਗਸਤ
ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਮਾਨਸਾ ਦਾ ਇਕੱਠ ਇਥੇ ਨੰਬਰਦਾਰ ਭਵਨ ਵਿੱਚ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਗੁਰਨੇ ਕਲਾਂ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਦੌਰਾਨ ਮੌਜੂਦਾ ਪੰਜਾਬ ਸਰਕਾਰ ਵੱਲੋਂ ਨੰਬਰਦਾਰਾਂ ਨਾਲ ਕੀਤੇ ਵਾਅਦੇ ਲਾਗੂ ਕਰਵਾਉਣ ਸਬੰਧੀ ਲਾਮਬੰਦ ਕੀਤਾ ਗਿਆ।
ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਦੱਸਿਆ ਕਿ ਸਰਕਾਰ ਜ਼ੁਬਾਨੀ ਤਾਂ ਮੰਗਾਂ ਮੰਨ ਚੁੱਕੀ ਹੈ ਪਰ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਤਹਿਸੀਲ ਪੱਧਰੀ ਕੰਮਾਂ ਨੂੰ ਨੰਬਰਦਾਰ ਤੋਂ ਤਸਦੀਕ ਕਰਵਾਇਆ ਜਾਵੇ ਅਤੇ ਨੰਬਰਦਾਰਾਂ ਨੂੰ ਪ੍ਰਸ਼ਾਸਨ ਵੱਲੋਂ ਪੂਰਾ ਮਾਨ-ਸਨਮਾਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨੰਬਰਦਾਰਾਂ ਦਾ ਮਾਣਭੱਤਾ ਸਮੇਂ ’ਤੇ ਦਿੱਤਾ ਜਾਵੇ, ਸਰਕਾਰ ਤੋਂ ਆਪਣੀਆਂ ਮੰਗ ਕੀਤੀ ਕਿ ਜੱਦੀ ਪੁਸ਼ਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀਆਂ ਹੋਰ ਮੰਗਾਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਦੀ ਵੀ ਮੰਗ ਰੱਖੀ ਹੈ, ਕਿਉਂਕਿ ਨੰਬਰਦਾਰਾਂ ਨੂੰ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ। ਇਸ ਮੌਕੇ ਨੰਬਰਦਾਰਾਂ ਦੇ ਇਕੱਠ ਨੂੰ ਯੂਨੀਅਨ ਦੇ ਸੂਬਾ ਆਗੂ ਸੁਰਜੀਤ ਸਿੰਘ ਨਨਹੇੜਾ, ਚਰਨਜੀਤ ਸਿੰਘ ਕਰਤਾਰਪੁਰ, ਹਰਮੇਲ ਸਿੰਘ, ਧਰਮਿੰਦਰ ਬਰਨਾਲਾ, ਗੁਰਪ੍ਰਤਾਪ ਚਹਿਲਾਂਵਾਲਾ, ਸੁਖਰਾਜ ਸਿੰਘ ਫਫੜੇ, ਬਲਦੇਵ ਸਿੰਘ ਭੁਪਾਲ, ਸੁਰਜੀਤ ਭੀਖੀ, ਅੰਮ੍ਰਿਤਪਾਲ ਬਰੇਟਾ, ਬਿੱਕਰ ਬੁਢਲਾਡਾ ਅਤੇ ਮਲਕੀਤ ਸਿੰਘ ਮਾਨਸਾ ਨੇ ਵੀ ਸੰਬੋਧਨ ਕੀਤਾ।