ਜੋਗਿੰਦਰ ਸਿੰਘ ਮਾਨ
ਮਾਨਸਾ, 8 ਜੁਲਾਈ
ਬੇਸ਼ੱਕ ਮਾਲਵਾ ਖੇਤਰ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਲਾਬੀ ਸੁੰਡੀ ਦੇ ਹਮਲੇ ਦੇ ਨਾਲ-ਨਾਲ ਚਿੱਟੀ ਮੱਖੀ ਅਤੇ ਮਿਲੀਬੱਗ ਵੱਲੋਂ ਨਰਮੇ ਦੀ ਫ਼ਸਲ ਦਾ ਲਗਾਤਾਰ ਨੁਕਸਾਨ ਕੀਤਾ ਜਾ ਰਿਹਾ ਹੈ। ਇਸ ਖਿਲਾਫ਼ ਕਿਸਾਨ ਜਥੇਬੰਦੀਆਂ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਦਾ ਘਿਰਾਓ ਕਰ ਰਹੀਆਂ ਹਨ, ਇਸ ਦੇ ਬਾਵਜੂਦ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਰਾਹੀਂ ਇਸ ਹਮਲੇ ਨੂੰ ਰੋਕਣ ਲਈ ਕੋਈ ਦਵਾਈ ਕਿਸਾਨਾਂ ਲਈ ਨਹੀਂ ਭੇਜੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਨੇ ਖੇਤੀਬਾੜੀ ਵਿਭਾਗ ਨੂੰ ਵੀ ਸਰਕਾਰੀ ਥਾਵਾਂ ਦੀ ਸਫ਼ਾਈ ਲਈ ਫੰਡ ਨਹੀਂ ਭੇਜੇ।
ਪੰਜਾਬ ਸਰਕਾਰ ਵੱਲੋਂ ਇਸ ਵਾਰ ਚਿੱਟੀ ਮੱਖੀ ਦੇ ਮੁਕੰਮਲ ਖ਼ਾਤਮੇ ਲਈ ਲੋੜੀਂਦੇ ਫੰਡ ਅਜੇ ਤੱਕ ਨਾ ਭੇਜਣ ਕਾਰਨ ਸਰਕਾਰੀ ਥਾਵਾਂ ਉੱਪਰ ਵੱਡੀ ਪੱਧਰ ’ਤੇ ਗਾਜਰ ਘਾਹ (ਕਾਂਗਰਸ ਘਾਹ) ਉੱਗਿਆ ਹੈ। ਇਹ ਘਾਹ ਹੀ ਮਿਲੀਬੱਗ ਦੇ ਵਾਧੇ ਲਈ ਸਭ ਤੋਂ ਸਹਾਇਕ ਦੱਸਿਆ ਜਾ ਰਿਹਾ ਹੈ। ਖੇਤੀ ਵਿਭਾਗ ਵੀ ਫੰਡਾਂ ਦੀ ਘਾਟ ਕਾਰਨ ਬੇਵੱਸ ਹੋਇਆ ਪਿਆ ਹੈ, ਹਾਲਾਂਕਿ ਪਿਛਲੇ ਸਾਲਾਂ ਦੌਰਾਨ ਮਾਰਚ-ਅਪਰੈਲ ਵਿਚ ਖੇਤੀ ਮਹਿਕਮੇ ਦੇ ਅਧਿਕਾਰੀਆਂ ਨੇ ਸਰਕਾਰੀ ਥਾਵਾਂ ਤੋਂ ਆਪਣੀ ਨਿਗਰਾਨੀ ਹੇਠ ਇਸ ਘਾਹ ਨੂੰ ਵਹਾਇਆ ਸੀ। ਕਿਸਾਨ ਜਥੇਬੰਦੀਆਂ ਅਨੁਸਾਰ ਇਸ ਵਾਰ ਮਾਲਵਾ ਖੇਤਰ ਦੇ ਪਿੰਡਾਂ ਵਿਚਲੇ ਸਰਕਾਰੀ ਰਾਹਾਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਮਨਰੇਗਾ ਤਹਿਤ ਸਫ਼ਾਈ ਨਹੀਂ ਕਰਵਾਈ ਗਈ ਹੈ।
ਇਸ ਸਬੰਧੀ ਪ੍ਰਾਪਤ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਥਾਵਾਂ ਉੱਪਰ ਖੜ੍ਹੇ ਕਾਂਗਰਸ ਘਾਹ, ਗੁੱਤ ਪੱਟਣਾ, ਕੰਘੀ ਬੂਟੀ, ਪੀਲੀ ਬੂਟੀ, ਭੱਖੜਾ ਨੂੰ ਚਿੱਟੀ ਮੱਖੀ ਦੇ ਹਮਲਿਆਂ ਵਾਲੇ ਦਿਨਾਂ ਦੌਰਾਨ ਅਜੇ ਤੱਕ ਨਹੀਂ ਪੁਟਾਇਆ ਗਿਆ ਹੈ। ਪੰਜਾਬ ਖੇਤੀਬਾੜੀ ’ਵਰਸਿਟੀ ਤੇ ਪੰਜਾਬ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਚਿੱਟੀ ਮੱਖੀ ਸਭ ਤੋਂ ਵੱਧ ਪੈਦਾ ਹੋਣ ਤੋਂ ਲੈ ਕੇ ਪਲਦੀ ਇਨ੍ਹਾਂ ਬੇਲੋੜੇ ਬੂਟਿਆਂ ’ਤੇ ਹੀ ਹੈ। ਮਾਹਿਰਾਂ ਦਾ ਕਹਿਣਾ ਕਿ ਹੁਣ ਮੀਂਹ ਕਾਰਨ ਇਹ ਨਦੀਨ ਵੱਡੀ ਪੱਧਰ ’ਤੇ ਵੱਧਣ-ਫੁੱਲਣ ਲੱਗ ਜਾਣਗੇ। ਸਰਕਾਰੀ ਥਾਵਾਂ ਸਣੇ ਸੜਕਾਂ, ਨਹਿਰਾਂ ਕਿਨਾਰਿਆਂ, ਪਹੀਆਂ-ਰਾਹਾਂ ਤੋਂ ਖ਼ਤਮ ਨਾ ਕਰਨ ਕਰ ਕੇ ਇਸ ਰਾਹੀਂ ਕਿਸੇ ਵੇਲੇ ਵੀ ਨਰਮੇ ਉੱਪਰ ਚਿੱਟੀ ਮੱਖੀ ਪਿਛਲੇ ਸਾਲਾਂ ਵਾਂਗ ਪੈਦਾ ਹੋ ਕੇ ਹਮਲਾ ਕਰ ਸਕਦੀ ਹੈ।
ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਫੰਡ ਉਦੋਂ ਭੇਜਦੀ ਹੈ, ਜਦੋਂ ਕਿਸਾਨਾਂ ਦਾ ਨੁਕਸਾਨ ਹੋ ਚੁੱਕਾ ਹੁੰਦਾ ਹੈ।
ਮਨਰੇਗਾ ਤਹਿਤ ਕਰਵਾਈ ਜਾਵੇਗੀ ਸਫ਼ਾਈ: ਖੇਤੀਬਾੜੀ ਅਫ਼ਸਰ
ਖੇਤੀਬਾੜੀ ਵਿਭਾਗ ਦੇ ਮੁੱਖ ਜ਼ਿਲ੍ਹਾ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅਜਿਹੇ ਨਦੀਨਾਂ ਦੇ ਖ਼ਾਤਮੇ ਲਈ ਅਧਿਕਾਰੀਆਂ ਨੂੰ ਮਗਨਰੇਗਾ ਤਹਿਤ ਕੰਮ ਕਰਵਾਉਣ ਦਾ ਸੁਝਾਅ ਦਿੱਤਾ ਗਿਆ ਹੈ, ਜੋ ਕੁਝ ਦਿਨਾਂ ਤੱਕ ਲਾਗੂ ਹੋਣ ਦੀ ਸੰਭਾਵਨਾ ਹੈ।