ਜੋਗਿੰਦਰ ਸਿੰਘ ਮਾਨ
ਮਾਨਸਾ, 15 ਅਪਰੈਲ
ਸੀਪੀਆਈ (ਐੱਮਐੱਲ) ਲਬਿਰੇਸ਼ਨ ਨੇ ਬੀਤੇ ਕਈ ਦਿਨਾਂ ਤੋਂ ਖੇਤੀ ਦੇ ਨਾਲ-ਨਾਲ ਮਾਨਸਾ ਸ਼ਹਿਰ ਸਮੇਤ ਦਰਜਨ ਤੋਂ ਵੱਧ ਪੇਂਡੂ ਜਲ ਸਪਲਾਈ ਸਕੀਮਾਂ ਨੂੰ ਪਾਣੀ ਦੇਣ ਵਾਲੇ ਮੂਸਾ ਰਜਬਾਹੇ ਵਿੱਚ ਵਗ ਰਹੇ ਗੰਦੇ ਪਾਣੀ ਦਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਤੇ ਨਹਿਰੀ ਵਿਭਾਗ ਦੇ ਧਿਆਨ ਵਿੱਚ ਲਿਆਉਂਦਿਆਂ ਮੰਗ ਕੀਤੀ ਕਿ ਇਸ ਬਾਰੇ ਜਾਂਚ ਕਰਵਾਈ ਜਾਵੇ ਅਤੇ ਪੀਣ ਵਾਲੇ ਪਾਣੀ ਵਿਚ ਗੰਦੇ ਪਾਣੀ ਮਿਲਾਵਟ ਤੁਰੰਤ ਰੋਕੀ ਜਾਵੇ। ਲਬਿਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਦਾ ਕਹਿਣਾ ਹੈ ਕਿ ਰਜਵਾਹੇ ਵਿਚ ਥੋੜ੍ਹੀ ਮਾਤਰਾ ਵਿਚ ਪਾਣੀ ਛੱਡਿਆ ਹੋਇਆ ਹੈ, ਜੋ ਸ਼ਾਇਦ ਇਲਾਕੇ ’ਚ ਪੀਣ ਵਾਲੇ ਪਾਣੀ ਦੀ ਪੂਰਤੀ ਲਈ ਹੀ ਹੈ, ਪਰ ਇਹ ਵਗ ਰਿਹਾ ਪਾਣੀ ਕਾਫੀ ਕਾਲਾ ਤੇ ਗੰਧਲਾ ਹੈ, ਜਦੋਂ ਕਿ ਇਸ ਸੀਜ਼ਨ ਵਿਚ ਨਹਿਰਾਂ ਦਾ ਪਾਣੀ ਬਿਲਕੁਲ ਸਾਫ਼ ਤੇ ਨਿੱਤਰਿਆ ਹੋਇਆ ਹੁੰਦਾ ਹੈ। ਪਾਰਟੀ ਨੇ ਇਹ ਮਾਮਲਾ ਨਹਿਰ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਕੇ ਪਾਣੀ ਦੇ ਨਮੂਨੇ ਲੈ ਕੇ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ, ਕਿਉਂਕਿ ਇਹੀ ਗੰਦਾ ਪਾਣੀ ਜਲ ਸਪਲਾਈ ਸਕੀਮਾਂ ਰਾਹੀਂ ਲੋਕਾਂ ਦੇ ਘਰਾਂ ਵਿਚ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਤੇ ਇਲਾਕੇ ਵਿਚ ਕਈ ਤਰ੍ਹਾਂ ਦਾ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਹੈ। ਉਨ੍ਹਾਂ ਸਿਹਤ ਮੰਤਰੀ ਵਿਜੈ ਸਿੰਗਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਹੈ।