ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 23 ਅਗਸਤ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਜ਼ੋਨ ਵੱਲੋਂ ਸਕੂਲੀ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਨੈਤਿਕ ਸਿੱਖਿਆ ਪ੍ਰੀਖਿਆ ਲਈ ਗਈ। ਨੈਤਿਕ ਸਿੱਖਿਆ ਪ੍ਰੀਖਿਆ ਕੋਆਰਡੀਨੇਟਰ ਸ਼ਿਵਰਾਜ ਸਿੰਘ ਗਿੱਦੜਬਾਹਾ, ਜ਼ੋਨਲ ਪ੍ਰਧਾਨ ਰਣਜੀਤ ਸਿੰਘ ਖੱਚੜਾਂ, ਜ਼ੋਨਲ ਸਕੱਤਰ ਨਵਨੀਤ ਸਿੰਘ ਅਤੇ ਜ਼ੋਨਲ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਕੋਟਕਪੂਰਾ ਨੇ ਦੱਸਿਆ ਕਿ ਇਸ ਪ੍ਰੀਖਿਆ ਵਿਚ ਪੰਜਵੀਂ ਤੱਕ ਪਹਿਲਾ ਦਰਜਾ, ਛੇਵੀਂ ਤੋਂ ਅੱਠਵੀਂ ਤੱਕ ਦੂਜਾ ਦਰਜਾ ਅਤੇ ਨੌਵੀਂ ਤੋਂ ਬਾਰ੍ਹਵੀਂ ਤੱਕ ਤੀਜਾ ਦਰਜਾ ਦੇ ਵਿਦਿਆਰਥੀ ਬੈਠੇ ਸਨ। ਕੋਟਕਪੂਰਾ, ਫਰੀਦਕੋਟ, ਜੈਤੋ, ਬਰਗਾੜੀ, ਬਠਿੰਡਾ, ਮੁਕਤਸਰ, ਗਿੱਦੜਬਾਹਾ, ਦੋਦਾ, ਭਗਤਾ ਭਾਈ ਕਾ, ਬਾਘਾਪੁਰਾਣਾ ਅਤੇ ਗੋਨਿਆਣਾ ਮੰਡੀ ਵਿਚ ਬਣਾਏ ਗਏ 505 ਕੇਂਦਰਾਂ ’ਚ 34147 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ। ਜਾਣਕਾਰੀ ਅਨੁਸਾਰ ਕੋਟਕਪੂਰਾ ਖੇਤਰ ਵਿਚ ਐਡੀਸ਼ਨਲ ਚੀਫ ਆਰਗੇਨਾਈਜ਼ਰ ਡਾ. ਅਵੀਨਿੰਦਰਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕੀਤਾ।