ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸੂਬਾ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਜ਼ਿਲ੍ਹਾ ਸਕੱਤਰੇਤ ਅੱਗੇ 20 ਦਸੰਬਰ ਤੋਂ 24 ਘੰਟੇ ਦਾ ਪੱਕਾ ਧਰਨਾ ਲਾਇਆ ਹੋਇਆ ਹੈ। ਸੂਬਾ ਸਰਕਾਰ ਖਿਲਾਫ਼ ਡਟੇ ਕਿਸਾਨਾਂ ਨੇ ਨਵੇਂ ਸਾਲ ਨੂੰ ਸਕੱਤਰੇਤ ਗੇਟਾਂ ਉੱਤੇ ਪਹਿਰੇਦਾਰੀ ਕਰਦਿਆਂ ਜੀ ਆਇਆਂ ਆਖਿਆ। ਕੜਾਕੇ ਦੀ ਠੰਢ ’ਚ ਬੀਬੀਆਂ ਵੀ ਡਟੀਆਂ ਹੋਈਆਂ ਹਨ। ਪੰਜਾਬ ਸਰਕਾਰ ਦੀ ਟਾਲ ਮਟੋਲੀ ਨੀਤੀ ਖ਼ਿਲਾਫ਼ ਕਿਸਾਨਾ ਸਕੱਤਰੇਤ ਦੇ ਦੋਵੇਂ ਗੇਟ ਪੱਕੇ ਤੌਰ ਉਂਤੇ ਬੰਦ ਕਰ ਦਿੱਤੇ ਹਨ। ਡੀਸੀ, ਐੱਸਐੱਸਪੀ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਗੱਡੀਆਂ ’ਚ ਬੈਠਕੇ ਦਫ਼ਤਰ ਨਾ ਜਾ ਸਕੇ ਤੇ ਬਾਹਰ ਪਾਰਕਿੰਗ ਕਰਕੇ ਸਕੱਤਰੇਤ ਅੰਦਰ ਦਫ਼ਤਰਾਂ ’ਚ ਪੈਦਲ ਜਾਣਾ ਪਿਆ। ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਕਿਹਾ ਕਿ ਸਰਕਾਰ ਜਦੋਂ ਮੰਗਾਂ ਮੰਨ ਨਹੀਂ ਲੈਂਦੀ, ਉਦੋਂ ਤਕ ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਗੁਰਮੀਤ ਸਿੰਘ ਕਿਸ਼ਨਪੁਰਾ, ਬਲੌਰ ਸਿੰਘ ਘਾਲੀ, ਗੁਰਭਿੰਦਰ ਸਿੰਘ ਕੋਕਰੀ ਕਲਾਂ, ਬੂਟਾ ਸਿੰਘ ਭਾਗੀਕੇ, ਹਰਮੰਦਰ ਸਿੰਘ ਡੇਮਰੂ, ਗੁਰਚਰਨ ਸਿੰਘ ਰਾਮਾ, ਜਗਰਾਜ ਸਿੰਘ ਦੱਦਾਹੂਰ, ਬਚਿੱਤਰ ਕੌਰ ਤਲਵੰਡੀ ਮੱਲੀਆਂ, ਗੁਰਦੇਵ ਸਿੰਘ ਕਿਸਨਪੁਰਾ, ਹਜੂਰਾ ਸਿੰਘ, ਸੁਖਜੀਤ ਕੌਰ ਬੁੱਕਣਵਾਲਾ, ਲਖਵੀਰ ਸਿੰਘ ਦੌਧਰ, ਅਜੀਤ ਸਿੰਘ ਡੇਮਰੂ, ਗੁਰਮੇਲ ਸਿੰਘ ਸੈਦੋ ਕੇ, ਸੁਖਦੇਵ ਸਿੰਘ ਭਾਗੀਕੇ, ਹਰਨੇਕ ਸਿੰਘ ਰਾਮਾ, ਲਖਵੀਰ ਸਿੰਘ ਚੜਿੱਕ, ਦਵਿੰਦਰ ਸਿੰਘ ਸੈਦੋ ਕੇ ਤੇ ਹਰਵਿੰਦਰ ਸਿੰਘ ਮੋਗਾ ਨੇ ਸੰਬੋਧਨ ਕੀਤਾ।