ਪੱਤਰ ਪ੍ਰੇਰਕ
ਮਾਨਸਾ, 13 ਨਵੰਬਰ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਚੰਨੀ ਸਰਕਾਰ ’ਤੇ ਦੋਸ਼ ਲਾਇਆ ਕਿ ਕੇਂਦਰੀ ਭੰਡਾਰ ਵਿੱਚ ਸਭ ਤੋਂ ਜ਼ਿਆਦਾ ਕਣਕ ਅਤੇ ਝੋਨੇ ਦਾ ਯੋਗਦਾਨ ਪਾਉਣ ਵਾਲੇ ਰਾਜ ਪੰਜਾਬ ਦੇ ਕਿਸਾਨਾਂ ਨੂੰ ਸਮੇਂ ਸਿਰ ਡੀਏਪੀ ਖਾਦ ਮੁਹੱਈਆ ਨਾ ਕਰਵਾ ਕੇ ਅੰਨਦਾਤਾ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਹੈ। ਉਹ ਅੱਜ ਇਥੇ ਪਾਰਟੀ ਦੇ ਇੱਕ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਆਪਣੀ ਤਕਰੀਰ ਦੌਰਾਨ ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ’ਤੇ ਵ੍ਹਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਨਿਕਾਮੀ ਕਾਰਨ ਡੀਏਪੀ ਖਾਦ ਦੀ ਘਾਟ ਹੋ ਰਹੀ ਹੈ, ਕਿਉਕਿ ਸਰਕਾਰ ਵਲੋਂ ਸੁਚੱਜੇ ਅਗਾਉੂਂ ਪ੍ਰਬੰਧ ਨਹੀਂ ਕੀਤੇ ਗਏ ਅਤੇ ਕਿਸਾਨਾਂ ਨੂੰ ਬਲੈਕ ਵਿਚ ਮਹਿੰਗੇ ਭਾਅ ਦੀ ਖਾਦ ਖ੍ਰੀਦਣ ਨੂੰ ਮਜਬੁੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀਏਪੀ ਖਾਦ ’ਤੇ ਸਬਸਿਡੀ ਦੇਣਾ ਅਤੇ ਸਾਰੇ ਦੇਸ਼ ਵਿਚ ਸਹੀ ਢੰਗ ਨਾਲ ਇਸ ਦੀ ਸਪਲਾਈ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ, ਪ੍ਰੰਤੂ ਕੇਂਦਰ ਸਰਕਾਰ ਇਸ ਤੋਂ ਭੱਜ ਰਹੀ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਜਾਣ-ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾ ਡੀਏਪੀ ਖਾਦ ਪੰਜਾਬ ਸੂਬੇ ਨੂੰ ਮੁਹੱਈਆ ਕਰਵਾਉਣੀ ਚਾਹੀਦੀ ਹੈ, ਕਿਉਕਿ ਕੇਂਦਰ ਪੂਲ ਵਿਚ ਸਭ ਤੋਂ ਜ਼ਿਆਦਾ ਕਣਕ ਦੀ ਹਿੱਸੇਦਾਰੀ ਪੰਜਾਬ ਦੇ ਕਿਸਾਨਾਂ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਬਿਜਲੀ ਵਿਭਾਗ ਦੀ ਪਹਿਲਾਂ ਵਾਲੀ ਸਬਸਿਡੀ ਵੀ ਨਹੀਂ ਦਿੱਤੀ ਅਤੇ ਹੁਣ ਬਿਜਲੀ ਸਸਤੀ ਕਰਕੇ ਵਿਭਾਗ ’ਤੇ ਹੋਰ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦੱਸਿਆ ਨਹੀਂ ਕਿ ਸਸਤੀ ਬਿਜਲੀ ਕਿੱਥੋਂ ਖਰੀਦੀ ਜਾ ਰਹੀ ਹੈ ਅਤੇ ਸਬਸਿਡੀ ਦੀ ਐਨੀ ਵੱਡੀ ਰਕਮ ਪੰਜਾਬ ਸਰਕਾਰ ਵੱਲੋਂ ਅਦਾ ਕਿਵੇਂ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪੰਜਾਬ ਵਿਚ ਸਰਕਾਰ ਬਣਾ ਕੇ ਪੰਜਾਬੀਆਂ ਦੀ ਆਰਥਿਕਤਾ ਨੂੰ ਮਜ਼ਬੂਤ ਕਰੇਗਾ। ਇਸ ਮੌਕੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ,ਮਨਜੀਤ ਸਿੰਘ ਬੱਪੀਆਣਾ, ਲਲਿਤ ਸ਼ਰਮਾ, ਗੁਰਸੇਵਕ ਸਿੰਘ ਝੁਨੀਰ, ਕੌਰ ਸਿੰਘ ਖਾਰਾ, ਮਨਪ੍ਰੀਤ ਸਿੰਘ ਤਲਵੰਡੀ ਨੇ ਵੀ ਸੰਬੋਧਨ ਕੀਤਾ।