ਪਵਨ ਗੋਇਲ
ਭੁੱਚੋ ਮੰਡੀ, 27 ਸਤੰਬਰ
ਇਥੇ ਲੋਕ ਮੋਰਚਾ ਪੰਜਾਬ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਉਣ ਦੀ ਤਿਆਰੀ ਸਬੰਧੀ ਪਿੰਡ ਲਹਿਰਾ ਖਾਨਾ ਵਿੱਚ ਲਾਮਬੰਦੀ ਮੀਟਿੰਗ ਕੀਤੀ ਅਤੇ ਪਿੰਡ ਵਿੱਚ ਮਾਰਚ ਕੀਤਾ। ਇਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਔਰਤਾਂ ਅਤੇ ਨੌਜਵਾਨ ਸ਼ਾਮਲ ਸਨ। ਲੋਕਾਂ ਦੇ ਹੱਥਾਂ ਵਿੱਚ ਸ਼ਹੀਦ ਦੀਆਂ ਤਸਵੀਰਾਂ ਅਤੇ ਇਨਕਲਾਬੀ ਨਾਅਰਿਆਂ ਵਾਲੀਆਂ ਖਿੱਚ ਭਰਪੂਰ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਮੌਕੇ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਮਾਸਟਰ ਜਗਮੇਲ ਸਿੰਘ ਨੇ ਕਿਹਾ ਕਿ ਭਗਤ ਸਿੰਘ ਅਤੇ ਸਾਥੀਆਂ ਵੱਲੋਂ ਬੁਲੰਦ ਕੀਤਾ ਇਨਕਲਾਬ ਦਾ ਰਾਹ ਹੀ ਭਾਰਤ ਦੇ ਕਿਰਤੀ ਲੋਕਾਂ ਲਈ ਅਸਲੀ ਆਜ਼ਾਦੀ ਅਤੇ ਜਮਹੂਰੀਅਤ ਪ੍ਰਾਪਤ ਕਰਨ ਦਾ ਇੱਕੋ ਇੱਕ ਰਾਹ ਹੈ। ਉਨ੍ਹਾਂ ਲੋਕਾਂ ਨੂੰ ਖਾੜਕੂ ਸੰੰਘਰਸ਼ਾਂ ਦੇ ਅਖਾੜੇ ਭਖਾਉਣ ਦਾ ਸੱਦਾ ਦਿੱਤਾ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਿਸਾਨਾਂ ਅਤੇ ਔਰਤਾਂ ਵੱਲੋਂ 28 ਸਤੰਬਰ ਨੂੰ ਬਰਨਾਲਾ ਦੀ ਅਨਾਜ ਮੰਡੀ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦੀ ਤਿਆਰੀ ਵਜੋਂ ਪਿੰਡ ਚੱਕ ਫਤਹਿ ਸਿੰਘ ਵਾਲਾ ਵਿੱਚ ਰਾਤ ਸਮੇਂ ਮੋਮਬੱਤੀ ਮਾਰਚ ਕੱਢਿਆ ਗਿਆ। ਕਿਸਾਨਾਂ ਨੇ ਲੋਕਾਂ ਨੂੰ ਇਸ ਸਮਾਗਮ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਕਿਸਾਨ ਆਗੂ ਸਿਮਰਜੀਤ ਸਿੰਘ, ਅਜਮੇਰ ਸਿੰਘ ਅਤੇ ਹਰਮੇਲ ਸਿੰਘ ਨੇ ਕਿਹਾ ਕਿ ਭਗਤ ਸਿੰਘ ਦੇ ਸੁਫਨਿਆਂ ਦੀ ਸਹੀ ਆਜ਼ਾਦੀ ਲਈ ਸੰਘਰਸ਼ਾਂ ਦੇ ਰਾਹ ਪੈਣ ਦੀ ਲੋੜ ਹੈ।
ਸ਼ਹਿਣਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਪਿੰਡਾਂ ’ਚ ਲਾਮਬੰਦੀ ਕੀਤੀ ਹੈ। ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ’ਚ ਅੱਧੀ ਦਰਜਨ ਪਿੰਡਾਂ ’ਚ ਮੀਟਿੰਗਾਂ ਕੀਤੀਆਂ ਗਈਆਂ ਹਨ। ਜਥੇਬੰਦੀ ਵੱਲੋਂ ਸੂਬਾ ਪੱਧਰੀ ਸਮਾਗਮ ਦਾਣਾ ਮੰਡੀ ਬਰਨਾਲਾ ’ਚ ਕੀਤਾ ਜਾ ਰਿਹਾ ਹੈ। ਪਿੰਡਾਂ ਦੇ ਧਾਰਮਿਕ ਅਸਥਾਨਾਂ ਤੋਂ ਲਗਾਤਾਰ ਅਨਾਊਸਮੈਂਟ ਕਰਾਈ ਜਾ ਰਹੀ ਹੈ।
ਭਗਤ ਸਿੰਘ ਦੀ ਵਿਚਾਰਧਾਰਾ ਦਾ ਸੁਨੇਹਾ ਦੇਣ ਲਈ ਕੁਰੜ ਵਿੱਚ ਇਨਕਲਾਬੀ ਕਾਨਫਰੰਸ
ਮਹਿਲ ਕਲਾਂ (ਨਵਕਿਰਨ ਸਿੰਘ): ਇਨਕਲਾਬੀ ਕੇਂਦਰ ਪੰਜਾਬ ਵੱਲੋਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸਹਿਯੋਗ ਨਾਲ ਪਿੰਡ ਕੁਰੜ ਵਿੱਚ ਸ਼ਹੀਦ ਭਗਤ ਸਿੰਘ ਦੀ ਵਿਗਿਆਨਕ ਵਿਚਾਧਾਰਾ ਦਾ ਸੁਨੇਹਾ ਦੇਣ ਲਈ ਇਨਕਲਾਬੀ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਦੇ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਪਾਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਫਨਿਆਂ ਦਾ ਸਮਾਜ ਸਿਰਜਣ ਲਈ ਸਾਡੀ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਹੈ। ਇਸ ਮੌਕੇ ਬੀਕੇਯੂ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਦੇਵ ਸਿੰਘ ਮਾਂਗੇਵਾਲ ਨੇ ਕਿਹਾ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅੱਜ ਵੀ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਦੀ ਮੁਕਤੀ ਲਈ ਰਾਹ ਦਰਸਾਵਾ ਹੈ, ਜਿਸ ਨੂੰ ਸਮਝਣਾ ਸਭਨਾਂ ਦੀ ਲੋੜ ਹੈ। ਇਸ ਮੌਕੇ ਲਖਵਿੰਦਰ ਲੱਖਾ ਠੀਕਰੀਵਾਲਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸੇ ਤਰ੍ਹਾਂ ਨੇੜਲੇ ਪਿੰਡ ਰਾਏਸਰ ਵਿੱਚ ਸੀਪੀਆਈ ਐੱਮਐੱਲ (ਲਬਿਰੇਸ਼ਨ) ਵੱਲੋਂ ਭਲਕੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਜਾਵੇਗਾ, ਜਿਸਦੀ ਤਿਆਰੀ ਲਈ ਅੱਜ ਪਿੰਡ ’ਚ ਮਸ਼ਾਲ ਮਾਰਚ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਬਿਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ ਅਤੇ ਤਹਿਸੀਲ ਸਕੱਤਰ ਕਾਮਰੇਡ ਕਰਨੈਲ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੀ ਅਸਲੀ ਵਿਚਾਰਧਾਰਾ ਲੋਕਾਂ ਵਿੱਚ ਲਿਜਾਣ ਲਈ 28 ਸਤੰਬਰ ਨੂੰ ਪਿੰਡ ਰਾਏਸਰ ਵਿੱਚ ਸਮਾਗਮ ਕੀਤਾ ਜਾ ਰਿਹਾ ਹੈ।