ਪੱਤਰ ਪ੍ਰੇਰਕ
ਜੈਤੋ, 12 ਸਤੰਬਰ
ਮਜ਼ਦੂਰ ਸੰਗਠਨਾਂ ਦੇ ਸੱਦੇ ’ਤੇ 13 ਸਤੰਬਰ ਨੂੰ ਪਟਿਆਲਾ ਸਥਿਤ ਨਿਊ ਮੋਤੀ ਬਾਗ ਦੇ ਘਿਰਾਓ ਨੂੰ ਸਫ਼ਲ ਬਣਾਉਣ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਬ-ਡਵੀਜ਼ਨ ਜੈਤੋ ਦੇ ਦਰਜਨਾਂ ਪਿੰਡਾਂ ’ਚ ਲਾਮਬੰਦੀ ਮੀਟਿੰਗਾਂ ਦਾ ਕੀਤੀਆਂ ਗਈਆਂ।
ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਨੰਗਲ, ਸੀਨੀਅਰ ਆਗੂ ਅੰਗਰੇਜ਼ ਸਿੰਘ (ਗੋਰਾ ਮੱਤਾ) ਅਤੇ ਕਰਮਜੀਤ ਸੇਵੇਵਾਲਾ ਨੇ ਪੰਜਾਬ ਸਰਕਾਰ ’ਤੇ ਮਜ਼ਦੂਰ ਹਿਤਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਮਜ਼ਦੂਰਾਂ ਨੂੰ ਬੜੇ ਵੱਡੇ ਸਬਜ਼ਬਾਗ ਵਿਖਾ ਕੇ ਵੋਟਾਂ ਬਟੋਰੀਆਂ ਸਨ ਪਰ ਕੁਰਸੀ ਨੂੰ ਹੱਥ ਪੈਂਦਿਆਂ ਹੀ ਸਭ ਵਾਅਦੇ ਵਿਸਾਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਿੱਟੇ ਵਜੋਂ ਸਮਾਜ ਦੀਆਂ ਕੁੱਲ ਅਲਾਮਤਾਂ ਦਾ ਸ਼ਿਕਾਰ ਇਸ ਵੇਲੇ ਮਜ਼ਦੂਰ ਹੀ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਪੱਖੀ ਮੰਗਾਂ ਮੰਨਵਾਉਣ ਲਈ ਹੀ ਪਟਿਆਲਾ ’ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਇਸ ਵਿਖਾਵੇ ਵਿਚ ਸ਼ਾਮਲ ਹੋਣ।