ਖੇਤਰੀ ਪ੍ਰਤੀਨਿਧ
ਬਰਨਾਲਾ, 3 ਮਾਰਚ
ਬਰਨਾਲਾ ਦੇ ‘ਆਪ’ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਧਾਨ ਸਭਾ ਸੈਸ਼ਨ ਵਿੱਚ ਲੰਘੇ ਵਰ੍ਹੇ ਕਰੋਨਾ ਕਾਲ ਸਮੇਂ ਨੰਦੇੜ ’ਚ ਫਸੀ ਸੰਗਤ ਨੂੰ ਲਿਆਉਣ ਦੀ ਡਿਊਟੀ ਨਿਭਾਉਂਦੇ ਹੋਏ ਫੌਤ ਹੋਏ ਪੀ.ਆਰ.ਟੀ.ਸੀ. ਡਰਾਈਵਰ ਮਨਜੀਤ ਸਿੰਘ ਲਈ ਐਲਾਨੀ 50 ਲੱਖ ਦੇ ਮੁਆਵਜ਼ੇ ਦੀ ਅਜੇ ਤੱਕ ਅਦਾਇਗੀ ਨਾ ਹੋਣ ਦਾ ਮੁੱਦਾ ਚੁੱਕਿਆ| ਮੀਤ ਹੇਅਰ ਨੇ ਸਰਕਾਰ ਨੂੰ ਕਿਹਾ ਕਿ ਚੀਫ਼ ਸੈਕਟਰੀ ਨੇ ਮਨਜੀਤ ਸਿੰਘ ਬਡਬਰ ਦੀ ਕਰੋਨਾ ਕਾਲ ਦੌਰਾਨ ਹੋਈ ਮੌਤ ‘ਤੇ 50 ਲੱਖ ਦੀ ਮੁੁਆਵਜ਼ਾ ਰਾਸ਼ੀ ਐਲਾਨੀ ਸੀ ਜੋ ਹਾਲੇ ਤੱਕ ਨਹੀਂ ਦਿੱਤੀ ਗਈ ਹੈ| ਇਸ ‘ਤੇ ਪੀ.ਆਰ.ਟੀ.ਸੀ ਦੇ ਐੱਮ.ਡੀ ਨੇ ਕਿਹਾ ਕਿ ਮਨਜੀਤ ਸਿੰਘ ਪੱਕਾ ਮੁੁਲਾਜ਼ਮ ਨਹੀਂ ਸੀ। ਮੀਤ ਹੇਅਰ ਨੇ ਕਿਹਾ ਕਿ ਜੇ ਸਰਕਾਰ ਨੇ ਵਾਲੰਟੀਅਰਾਂ/ਕੱਚੇ ਮੁੁਲਾਜ਼ਮਾਂ/ਹੈਲਥ ਵਰਕਰਾਂ ਦੀ ਡਿਊਟੀ ਕਰੋਨਾ ਦੌਰਾਨ ਲਗਾਈ ਹੈ ਤਾਂ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦਾ ਫਰਜ਼ ਸਰਕਾਰ ਦਾ ਹੈ| ਇਸ ਲਈ ਸਰਕਾਰ ਨੂੰ ਮੁਲਾਜ਼ਮਾਂ ਦੀ ਬਾਂਹ ਫੜਨੀ ਚਾਹੀਦੀ ਹੈ| ਉਧਰ ਵਿਭਾਗ ਨਾਲ ਸਬੰਧਤ ਮੰਤਰੀ ਨੇ ਪੀੜਤ ਪਰਿਵਾਰ ਨੂੰ ਛੇਤੀ ਹੀ ਮੁਆਵਜ਼ਾ ਰਾਸ਼ੀ ਦੇਣ ਵਾਅਦਾ ਕੀਤਾ।