ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 26 ਸਤੰਬਰ
ਕੁੱਲ ਹਿੰਦ ਕਿਸਾਨ ਸਭਾ ਅਤੇ ਪੰਜਾਬ ਪੈਨਸ਼ਨਰਜ ਯੂਨੀਅਨ ਏਟਕ ਜ਼ਿਲ੍ਹਾ ਫ਼ਰੀਦਕੋਟ ਦੇ ਆਗੂ ਦਰਸ਼ਨ ਸਿੰਘ ਸਰਾਵਾਂ, ਸੁਖਜਿੰਦਰ ਸਿੰਘ ਤੂੰਬੜਭੰਨ ਅਤੇ ਸੁਖਚੈਨ ਸਿੰਘ ਥਾਂਦੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਏਕਤਾ ਦਾ ਸਬੂਤ ਦਿੰਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 27 ਸਤੰਬਰ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਕੀਤੇ ਜਾ ਰਹੇ ‘ਭਾਰਤ ਬੰਦ’ ਨੂੰ ਸਫ਼ਲ ਬਣਾਉਣ ਤੇ ਆਪਣੀਆਂ ਦੁਕਾਨਾਂ ਅਤੇ ਹੋਰ ਕਾਰੋਬਾਰ ਬੰਦ ਕਰਕੇ ਸਾਂਝੀਆਂ ਰੈਲੀਆਂ ਵਿੱਚ ਸ਼ਾਮਲ ਹੋਣ। ਯੂਨੀਅਨ ਆਗੂ ਬਲਵੀਰ ਸਿੰਘ ਔਲਖ, ਗੁਰਨਾਮ ਸਿੰਘ, ਗੋਰਾ ਸਿੰਘ ਪਿਪਲੀ, ਵੀਰ ਸਿੰਘ, ਕੁਲਵੰਤ ਸਿੰਘ ਚਾਨੀ, ਅਸ਼ੋਕ ਕੌਸ਼ਲ, ਪ੍ਰੇਮ ਚਾਵਲਾ ਅਤੇ ਪ੍ਰਦੀਪ ਬਰਾੜ ਨੇ ਦੱਸਿਆ ਹੈ ਕਿ ਇਹ ਸੰਘਰਸ਼ ਹੁਣ ਸਿਰਫ਼ ਕਿਸਾਨਾਂ ਤਕ ਸੀਮਤ ਨਾ ਰਹਿ ਕੇ ਜਨ ਅੰਦੋਲਨ ਬਣ ਗਿਆ ਹੈ। ਆਗੂਆਂ ਨੇ ਸਾਰੇ ਵਰਗਾਂ ਨੂੰ ਸੱਦਾ ਦਿੱਤਾ ਕਿ ਫਰੀਦਕੋਟ ਨੇੜਲੇ ਪਿੰਡ ਚਹਿਲ ਕੋਲ ਹਾਈਵੇਅ, ਕੋਟਕਪੂਰਾ ਬੱਤੀਆਂ ਵਾਲਾ ਚੌਕ, ਜੈਤੋ ਬੱਸ ਸਟੈਂਡ, ਸਾਦਿਕ, ਗੋਲੇਵਾਲਾ ਅਤੇ ਬਾਜਾਖਾਨਾ ਚੌਕ ਸਮੇਤ ਸਾਰੀਆਂ ਥਾਵਾਂ ’ਤੇ ਕਿਸਾਨਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ ਵਿੱਚ ਸ਼ਾਮਲ ਹੋ ਕੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਇਆ ਜਾਵੇ।