ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 23 ਮਾਰਚ
ਸ਼ਹੀਦ ਭਗਤ ਸਿੰਘ ਕਲੱਬ ਸ਼ਹਿਣਾ ਵੱਲੋਂ ਪ੍ਰਧਾਨ ਦਲਜੀਤ ਸਿੰਘ ਮੱਲੀ ਦੀ ਅਗਵਾਈ ਹੇਠ ਕਸਬੇ ਦੇ ਮੁੱਖ ਬਾਜ਼ਾਰ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਪ੍ਰਧਾਨ ਦਲਜੀਤ ਸਿੰਘ ਮੱਲੀ ਅਤੇ ਸਮਾਜ ਸੇਵੀ ਸੁਖਵਿੰਦਰ ਸਿੰਘ ਕਲਕੱਤਾ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ। ਸ਼ਹੀਦ ਭਗਤ ਸਿੰਘ ਕਲੱਬ ਸ਼ਹਿਣਾ ਦੇ ਸਮੂਹ ਮੈਂਬਰਾਂ ਨੇ ਮੇਨ ਬਾਜ਼ਾਰ ਵਿੱਚ ਸਥਿਤ ਸ਼ਹੀਦ ਭਗਤ ਸਿੰਘ ਦੇ ਬੁੱਤ ਅਤੇ ਚੌਕ ਦੀ ਸਫਾਈ ਕੀਤੀ। ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲ ਮਾਲਾ ਵੀ ਭੇਟ ਕੀਤੀਆ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਦੀ ਅਗਵਾਈ ਹੇਠ ਸ਼ਹੀਦੀ ਦਿਹਾੜਾ ਮਨਾਇਆ ਗਿਆ। ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਇਸ ਮੌਕੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਆਲੋਚਨਾ ਕੀਤਾ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਸਥਾਨਕ ਰੇਲ ਮੋਰਚੇ ਨੇ ਅੱਜ ਦਾ ਦਿਹਾੜਾ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਤਾ। ਸ਼ਹੀਦਾਂ ਦੀ ਯਾਦ ਵਿੱਚ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਕਿਸਾਨ ਪੰਡਾਲ ਗੂੰਜ ਉਠਿਆ। ਔਰਤਾਂ ਦੇ ਸਿਰਾਂ ’ਤੇ ਲਈਆਂ ਬਸੰਤੀ ਚੁੰਨੀਆਂ ਅਤੇ ਪੱਗਾਂ ਨੇ ਕਿਸਾਨ ਮੋਰਚੇ ਵਿਚ ਕੁਰਬਾਨੀ ਦੇ ਜਜ਼ਬੇ ਨੂੰ ਹੋਰ ਵੀ ਮਜ਼ਬੂਤ ਕੀਤਾ। ਰੰਗਮੰਚ ਮੋਗਾ ਦੇ ਕਲਾਕਾਰਾਂ ਨੇ ਦੋ ਨਾਟਕਾਂ ਅੰਦੋਲਨ ਪਰਜੀਵੀ ਅਤੇ ਇਹ ਝੂਠ ਬੋਲਦੇ ਨੇ ਮੰਚਿਤ ਕਰਕੇ ਚੇਤਨ ਕੀਤਾ।
ਸਿਰਸਾ (ਪ੍ਰਭੂ ਦਿਆਲ): ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਵੱਖ-ਵੱਖ ਥਾਵਾਂ ’ਤੇ ਕਿਸਾਨਾਂ ਵੱਲੋਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੇ ਅਹਿਦ ਨਾਲ ਮਨਾਇਆ ਗਿਆ। ਭਾਵਦੀਨ ਟੌਲ ਪਲਾਜ਼ੇ ’ਤੇ ਕਿਸਾਨਾਂ, ਨੌਜਵਾਨਾਂ ਤੇ ਵਿਦਿਆਰਥੀਆਂ ਨੇ ਖ਼ੂਨਦਾਨ ਕੈਂਪ ਲਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਮਹਿਲਾਵਾਂ ਨੇ ਕੈਂਪ ’ਚ ਸ਼ਿਰਕਤ ਕੀਤੀ। ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਕਿਸਾਨਾਂ ਨੇ ਸਟੇਡੀਅਮ ਵਿੱਚ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸ਼ਹੀਦ ਭਗਤ ਸਿੰਘ ਪਾਰਕ ਤੇ ਸ਼ਹੀਦ ਭਗਤ ਸਿੰਘ ਚੌਕ ’ਚ ਲੱਗੇ ਸ਼ਹੀਦਾਂ ਦੇ ਬੁੱਤਾਂ ’ਤੇ ਫੁੱਲ ਚੜ੍ਹਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਮਹਿਲ ਕਲਾਂ (ਨਵਕਿਰਨ ਸਿੰਘ): ਅੱਜ ਨੇੜਲੇ ਪਿੰਡ ਧਨੇਰ ਵਿੱਚ ਮਜ਼ਦੂਰ ਜਥੇਬੰਦੀਆਂ ਵੱਲੋਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸੁਰਜੀਤ ਸਿੰਘ ਧਨੇਰ ਅਤੇ ਜਸਵੀਰ ਸਿੰਘ ਧਨੇਰ ਦੀ ਅਗਵਾਈ ਹੇਠ ਸਮਾਗਮ ਮੌਕੇ ਮਜ਼ਦੂਰਾਂ ਵੱਲੋਂ ਸ਼ਹੀਦਾਂ ਦੀ ਸੋਚ ਨਾਲ ਧ੍ਰੋਹ ਕਮਾਉਣ ਵਾਲੀਆਂ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਬਲਾਕ ਇਕਾਈ ਵੱਲੋਂ ਨਾਹਰ ਸਿੰਘ ਗੁੰਮਟੀ ਅਤੇ ਮਾਨ ਸਿੰਘ ਗੁਰਮ ਦੀ ਅਗਵਾਈ ਹੇਠ ਪਿੰਡ ਗੁੰਮਟੀ,ਗੁਰਮ ਅਤੇ ਨੰਗਲ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਗਿਆ
ਬੁਢਲਾਡਾ (ਐੱਨਪੀ ਸਿੰਘ): ਇੱਥੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਦੀ ਸ਼ਹਾਦਤ ਦਾ ਦਿਨ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ’ਤੇ ਕਿਸਾਨਾਂ ਵੱਲੋਂ ਜਾਰੀ ਧਰਨੇ ’ਤੇ ਮਨਾਉਂਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਆਗੂਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 26 ਮਾਰਚ ਨੂੰ ਭਾਰਤ ਬੰਦ ਸਬੰਧੀ ਆਈਟੀਆਈ ਚੌਂਕ ਬੁਢਲਾਡਾ ਵਿੱਚ ਪਹੁੰਚਿਆ ਜਾਵੇ।
ਮਹਿਲ ਕਲਾਂ (ਨਵਕਿਰਨ ਸਿੰਘ): ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਮਹਿਲ ਕਲਾਂ ਟੋਲ ਪਲਾਜ਼ਾ ਅੱਗੇ ਚੱਲ ਰਹੇ ਪੱਕੇ ਮੋਰਚੇ ’ਤੇ ਅੱਜ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ, ਪਵਿੱਤਰ ਸਿੰਘ ਲਾਲੀ ਕਾਲਸਾਂ, ਗੁਰਮੇਲ ਠੁੱਲੀਵਾਲ ਨੇ ਸੰਬੋਧਨ ਕੀਤਾ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਸਿਟੀਜ਼ਨ ਵੈਲਫੇਅਰ ਕੌਂਸਲ ਜਲਾਲਾਬਾਦ ਵੱਲੋਂ ਸ਼ਹੀਦ ਏ-ਆਜਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ। ਇਸੇ ਦੌਰਾਨ ਸਥਾਨਕ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਸ਼ਹੀਦ-ਏ-ਆਜਮ ਭਗਤ ਸਿੰਘ ਯਾਦਗਾਰ ਸਭਾ (ਰਜਿ.) ਜਲਾਲਾਬਾਦ ਵਲੋਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਲੋਕ ਕਲਾ ਮੰਚ ਜੀਰਾ ਦੇ ਡਾਇਰੈਕਟਰ ਮੇਘ ਰਾਜ ਰੱਲਾ ਅਤੇ ਉਨ੍ਹਾਂ ਦੀ ਟੀਮ ਨੇ ਦੇਸ਼ ਦੇ ਮਹਾਨ ਸ਼ਹੀਦਾਂ ਪ੍ਰਤੀ ਇਨਕਲਾਬੀ ਨਾਟਕ, ਕੋਰਿਓਗ੍ਰਾਫੀ, ਸਕਿੱਟ ਅਤੇ ਵਿਚਾਰ ਪੇਸ਼ ਕੀਤੇ। ਇਸੇ ਦੌਰਾਨ ‘ਆਪ’ ਵਰਕਰਾਂ ਨੇ ਭਗਤ ਸਿੰਘ ਚੌਕ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਮਲੋਟ (ਲਖਵਿੰਦਰ ਸਿੰਘ): ਇਲਾਕੇ ਵਿੱਚ ਹੁਸ਼ਿਆਰ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਦੀ ਮਦਦ ਲਈ ਹੋਂਦ ਵਿਚ ਆਏ ਸ਼ਹੀਦ ਭਗਤ ਸਿੰਘ ਕਿਤਾਬ ਘਰ ਮਲੋਟ ਵੱਲੋਂ ਅੱਜ ਸ਼ਹੀਦੀ ਦਿਹਾੜਾ ਮਨਾਇਆ ਗਿਆ। ਮੰਚ ਕਿਤਾਬ ਘਰ ਦੇ ਜਰਨਲ ਸਕੱਤਰ ਰਿਸ਼ੀ ਹਿਰਦੇਪਾਲ ਨੇ ਸਭਨਾਂ ਨੂੰ ਜੀ ਆਇਆਂ ਨੂੰ ਕਿਹਾ। ਕੋ-ਆਰਡੀਨੇਟਰ ਸੁਦਰਸ਼ਨ ਜੱਗਾ ਨੇ ਕਿਤਾਬ ਘਰ ਬਾਰੇ ਜਾਣਕਾਰੀ ਦਿੱਤੀ । ਸਮਾਗਮ ਦਾ ਆਗਾਜ਼ ਪਵਨਦੀਪ ਚੌਹਾਨ ਅਤੇ ਜਸਪ੍ਰੀਤ ਜੱਸੀ ਨੇ ਆਪਣੀ ਗਾਇਕੀ ਨਾਲ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸਲਾਮ ਪੇਸ਼ ਕਰਕੇ ਕੀਤਾ ।
ਮੌੜ ਮੰਡੀ (ਗਤਾਰ ਸਿੰਘ): ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਬਲੀਦਾਨ ਦਿਵਸ ਵੱਖ-ਵੱਖ ਜੱਥੇਬੰਦੀਆਂ ਵੱਲੋਂ ਕਿਸਾਨ ਘੋਲ ਨੂੰ ਹੋਰ ਤੇਜ ਕਰਨ ਦੇ ਅਹਿਦ ਵੱਜੋਂ ਮਨਾਇਆ । ਸਭ ਤੋਂ ਪਹਿਲਾਂ ਟਰੇਡ ਯੂਨੀਅਨ ਕੌਂਸਲ ਮੌੜ ਕਿਸਾਨ ਸੰਯੁਕਤ ਮੋਰਚੇ ’ਚ ਸ਼ਾਮਲ ਸਮੂਹ ਜਥੇਬੰਦੀਆਂ ਦੇ ਆਗੂ ਰੇਲਵੇ ਪਾਰਕ ਵਿੱਚ ਚਲ ਰਹੇ ਮੋਰਚੇ ਵਿੱਚ ਇਕੱਠੇ ਹੋਏ ਅਤੇ ਬਾਜ਼ਾਰਾਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਗਰਾਜ ਸਿੰਘ ਧੌਲਾ ਦੀ ਸੰਗੀਤ ਮੰਡਲੀ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ।
ਸ਼ਹੀਦੀ ਦਿਹਾੜੇ ਮੌਕੇ ਔਰਤਾਂ ਵੱਲੋਂ ਕੋਠਾ ਗੁਰੂ ’ਚ ਪੈਦਲ ਮਾਰਚ
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਪਿੰਡ ਕੋਠਾ ਗੁਰੂ ਵਿੱਚ ਔਰਤਾਂ ਵੱਲੋਂ ਵੱਡੇ ਅਗਵਾੜ ਦੀ ਧਰਮਸ਼ਾਲਾ ਵਿੱਚ ਸਮਾਗਮ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਸੁਖਜੀਤ ਸਿੰਘ ਕੋਠਾਗੁਰੂ, ਔਰਤ ਆਗੂ ਮਾਲਣ ਕੌਰ, ਕੁਲਦੀਪ ਕੌਰ, ਚਰਨਜੀਤ ਕੌਰ ਸਰਾਂ ਅਤੇ ਮਨਦੀਪ ਕੌਰ ਮੰਨਤ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਸਮਾਗਮ ਉਪਰੰਤਔਰਤਾਂ ਨੇ ਖੇਤੀ ਮਾਰੂ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪਿੰਡ ਵਿਚ ਮਾਰਚ ਕੀਤਾ।
ਨੁੱਕੜ ਨਾਟਕ ਖੇਡ ਕੇ ਦਿੱਤੀ ਸਹੀਦਾਂ ਨੂੰ ਸ਼ਰਧਾਂਜਲੀ
ਬੋਹਾ (ਨਿਰੰਜਣ ਬੋਹਾ): ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਬੋਹਾ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਵਸ ਕਿਸਾਨੀ ਸਮੱਸਿਆਵਾਂ ਨੂੰ ਪੇਸ਼ ਕਰਦੇ ਨੁੱਕੜ ਨਾਟਕ ‘ਜੰਗ ਜਾਰੀ ਰਹੇਗੀ’ ਦੀਆਂ ਪੀਮਡ ਬੋਹਾ, ਰਿਉਂਦ ਕਲਾਂ ਮਘਾਣੀਆਂ ਤੇ ਹਾਕਮਵਾਲਾ ਵਿੱੱਚ ਪੇਸ਼ਕਾਰੀਆਂ ਕਰਕੇ ਮਣਾਇਆ ਗਿਆ। ਡਾ: ਕੁਲਦੀਪ ਦੀਪ ਵੱਲੋਂ ਲਿਖੇ ਤੇ ਸੁਰਿੰਦਰ ਸਾਗਰ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਇਸ ਨਾਟਕ ਵਿਚ ਜਿੱਥੇ ਕਾਰਪੋਰੇਟਾਂ ਦੇ ਪਾਜ਼ ਉਧੇੜੇ ਗਏ, ਉਥੇ ਹੀ ਸ਼ਹੀਦ ਭਗਤ ਸਿੰਘ ਦੇ ਸੁਪਨਿਆ ਦਾ ਸਮਾਜ ਸਿਰਜਣ ਲਈ ਕਿਹਾ ਗਿਆ। ਨਾਟਕ ਦੇ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਦੌਰਾਨ ਲੋਕਾਂ ਨੂੰ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਖੂਨਦਾਨ ਕੈਂਪ ਲਾ ਕੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ
ਸਰਦੂਲਗੜ੍ਹ (ਬਲਜੀਤ ਸਿੰਘ): ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਲੋਕ ਭਲਾਈ ਕਲੱਬ ਮੀਰਪੁਰ ਕਲਾਂ ਵੱਲੋਂ ਖੂਨਦਾਨ ਕੈਂਪ ਲਗਾ ਕੇ ਸ਼ਰਧਾਂਜਲੀ ਦਿੱਤੀ ਗਈ। ਕਲੱਬ ਪ੍ਰਧਾਨ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੈਪ ਦੌਰਾਨ ਸਰਾਂ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਦੀ ਟੀਮ ਖੂਨ ਇਕੱਤਰ ਕਰਨ ਲਈ ਪਹੁੰਚੀ। ਕੈਂਪ ਦੌਰਾਨ 101 ਸਵੈ-ਇੱਛੁਕ ਖੂਨਦਾਨੀਆ ਵੱਲੋ ਖੂਨ ਦਾਨ ਕੀਤਾ ਗਿਆ।