ਬੀਬੀਆਂ ਵੱਲੋਂ ਪਿੰਡਾਂ ਵਿੱਚ ਮਾਰਚ

ਬੀਬੀਆਂ ਵੱਲੋਂ ਪਿੰਡਾਂ ਵਿੱਚ ਮਾਰਚ

ਪਿੰਡਾਂ ਵਿੱਚ ਮਾਰਚ ਕੱਢਣ ਮੌਕੇ ਕਿਸਾਨ ਅਤੇ ਮਜ਼ਦੂੂਰ ਔਰਤਾਂ।

ਟੱਲੇਵਾਲ (ਲਖਵੀਰ ਸਿੰਘ ਚੀਮਾ): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਔਰਤਾਂ ਵਲੋਂ ਚਾਰ ਪਿੰਡਾਂ ਵਿੱਚ ਜਾਗਰੂਕਤਾ ਮਾਰਚ ਕੱਢਿਆ ਗਿਆ। ਇਸ ਮਾਰਚ ਰਾਹੀਂ ਪਿੰਡ ਭੋਤਨਾ, ਟੱਲੇਵਾਲ, ਚੂੰਘਾਂ ਅਤੇ ਬਖ਼ਤਗੜ ਦੇ ਲੋਕਾਂ ਨੂੰ ਮੋਦੀ ਹਕੂਮਤ ਦੇ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਮੋਰਚਿਆਂ ਵਿੱਚ ਸ਼ਾਮਲ ਹੋਣ ਦਾ ਹੋਕਾ ਦਿੱਤਾ ਗਿਆ। ਇਸ ਮੌਕੇ ਭਾਕਿਯੂ ਉਗਰਾਹਾਂ ਦੀ ਜ਼ਿਲ੍ਹਾ ਆਗੂ ਬਲਜੀਤ ਕੌਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਅਤੇ ਗੁਰਨਾਮ ਸਿੰਘ ਫ਼ੌਜੀ ਨੇ ਕਿਹਾ ਕਿ ਖੇਤੀ ਅਤੇ ਕਿਸਾਨੀ ਨੂੰ ਬਰਬਾਦ ਕਰਨ ਵਾਲੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਵਲੋਂ ਦਿੱਲੀ ਨੂੰ ਚਾਰੇ ਪਾਸਿਆਂ ਤੋਂ ਘੇਰ ਕੇ ਮੋਰਚੇ ਲਗਾਏ ਹੋਏ ਹਨ। ਇਸਦੇ ਨਾਲ ਹੀ ਪੰਜਾਬ ਵਿੱਚ ਕਾਰਪੋਰੇਟਾਂ ਦੇ ਅਦਾਰਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਵੀ ਪੱਕਾ ਸੰਘਰਸ਼ ਜਾਰੀ ਹੈ। ਅੱਜ ਸੂਬੇ ਦੇ ਹਰ ਬਸ਼ਿੰਦੇ ਨੂੰ ਇਨ੍ਹਾਂ ਕਾਨੂੰਨਾਂ ਵਿਰੁੱਧ ਡਟਨ ਦੀ ਲੋੜ ਹੈ। ਉਨ੍ਹਾਂ ਚਾਰੇ ਪਿੰਡਾਂ ਦੇ ਲੋਕਾਂ ਨੂੰ ਦਿੱਲੀ ਅਤੇ ਪੰਜਾਬ ’ਚ ਲੱਗੇ ਮੋਰਚਿਆਂ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਟਰੈਕਟਰ ਟਰਾਲੀਆਂ ਰਾਹੀਂ ਕੱਢੇ ਇਸ ਮਾਰਚ ਵਿੱਚ ਵੱਡੀ ਗਿਣਤੀ ’ਚ ਔਰਤਾਂ ਅਤੇ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਬਿੰਦਰ ਸਿੰਘ ਭੋਤਨਾ, ਗੁਰਚਰਨ ਸਿੰਘ ਭੋਤਨਾ, ਗੁਰਪ੍ਰੀਤ ਸਿੰਘ ਭੋਤਨਾ, ਸੰਦੀਪ ਕੌਰ ਪੱਤੀ ਸੇਖਵਾਂ ਕੁਲਵੰਤ ਕੌਰ, ਸਰਬਜੀਤ ਕੌਰ, ਕਾਟੀ ਕੌਰ, ਸੁਖੋ ਕੌਰ ਹਰਬੰਸ ਕੌਰ ਆਦਿ ਵੀ ਹਾਜ਼ਰ ਸਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All