ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ
ਸੜਕ ਹਾਦਸੇ ’ਚ ਪੰਦਰਾਂ ਸਾਲ ਪਹਿਲਾਂ ਰੀੜ ਦੀ ਹੱਡੀ ’ਤੇ ਸੱਟ ਲੱਗਣ ਕਰਕੇ ਸਰੀਰਕ ਪੱਖੋਂ ਅਪਾਹਜ ਹੋਏ ਪਿੰਡ ਫੂਲੇਵਾਲਾ ਦੇ ਰਾਜ ਕੁਮਾਰ ਨੂੰ ਕਿਸੇ ਸਰਕਾਰੀ ਜਾਂ ਸਮਾਜ ਸੇਵੀ ਸੰਸਥਾ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ| ਇਸ ਕਰਕੇ ਉਸ ਦਾ ਇਕੋ-ਇਕ ਪੁੱਤਰ ਵੀ ਪੜ੍ਹਾਈ ਕਰਨ ਤੋਂ ਹੱਟ ਗਿਆ ਤੇ ਪਰਿਵਾਰ ਦਾ ਢਿੱਡ ਭਰਨਾ ਵੀ ਔਖਾ ਹੋ ਗਿਆ। ਇਸੇ ਦੌਰਾਨ ਪਰਿਵਾਰ ਨੂੰ ਇਲਾਜ ਦਾ ਖਰਚੇ ਤੇ ਕਰਜ਼ੇ ਦਾ ਬੋਝ ਵੱਖਰਾ ਸਹਿਣਾ ਪੈ ਰਿਹਾ ਹੈ।
ਦੁਖੀ ਰਾਜ ਕੁਮਾਰ ਨੂੰ ਉਸ ਦੀ ਪਤਨੀ ਮੰਜੇ ’ਤੇ ਪਾ ਕੇ ਡੀਸੀ ਦਫਤਰ ਪੁੱਜੀ। ਰਾਜ ਕੁਮਾਰ ਦੀ ਹਾਲਤ ਬਾਰੇ ਪਤਾ ਲੱਗਣ ’ਤੇ ਵਧੀਕ ਡਿਪਟੀ ਕਮਿਸ਼ਨਰ ਮਨਦੀਪ ਕੌਰ ਖੁਦ ਆਪਣੇ ਦਫਤਰ ਤੋਂ ਬਾਹਰ ਆ ਕੇ ਉਸ ਨੂੰ ਮਿਲੇ| ਰਾਜ ਕੁਮਾਰ ਨੇ ਦੱਸਿਆ ਕਿ 2007 ਵਿੱਚ ਸੜਕ ਦੁੁਰਘਟਨਾ ਵਿੱਚ ਉਸ ਦੀ ਰੀੜ ਦੀ ਹੱਡੀ ਟੁੱਟ ਗਈ ਸੀ ਤੇ ਉਹ ਮੰਜੇ ’ਤੇ ਪੈ ਗਿਆ| ਉਸ ਨੇ ਆਪਣਾ ਇਲਾਜ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਅਤੇ ਪੀਜੀਆਈ ਚੰਡੀਗੜ੍ਹ ਤੋਂ ਕਰਾਇਆ| ਇਲਾਜ ਵਾਸਤੇ ਕਿਸੇ ਸਮਾਜ ਸੇਵੀ ਜਾਂ ਸਰਕਾਰੀ ਸੰਸਥਾ ਨੇ ਕੋਈ ਸਹਾਇਤਾ ਨਹੀਂ ਦਿੱਤੀ| ਹੁਣ ਉਸ ਦਾ ਮਕਾਨ ਵੀ ਢਹਿ-ਢੇਰੀ ਹੋ ਗਿਆ ਹੈ ਅਤੇ ਖਾਣ ਵਾਸਤੇ ਕੋਈ ਪ੍ਰਬੰਧ ਨਹੀਂ ਹੈ| ਉਸ ਦਾ ਬੇਟਾ ਆਰਥਿਕ ਤੰਗੀ ਕਾਰਨ ਪੜ੍ਹਣ ਤੋਂ ਹਟ ਗਿਆ ਹੈ| ਉਸ ਨੇ 7 ਮਾਰਚ 2022 ਨੂੰ ਡਿਪਟੀ ਕਮਿਸ਼ਨਰ ਨੂੰ ਮਾਲੀ ਸਹਾਇਤਾ ਵਾਸਤੇ ਅਰਜ਼ੀ ਦਿੱਤੀ ਸੀ ਪਰ ਅਜੇ ਤੱਕ ਸੁਣਵਾਈ ਨਹੀਂ ਹੋਈ| ਉਸ ਨੇ ਕਿਹਾ ਕਿ ਉਸ ਦੀ ਕਮਰ ਤੋਂ ਹੇਠਾਂ ਦਾ ਸਰੀਰ ਲੱਕੜ ਵਰਗਾ ਬਣ ਗਿਆ ਹੈ ਜਿਸ ਕਰਕੇ ਉਹ ਵ੍ਹੀਲਚੇਅਰ ਵੀ ਨਹੀਂ ਚਲਾ ਸਕਦਾ ਅਤੇ ਮੰਜੇ ’ਤੇ ਵੀ ਨਹੀਂ ਬੇੈਠ ਸਕਦਾ|
ਮਾਮਲਾ ਮੁੱਖ ਮੰਤਰੀ ਦੇ ਧਿਆਨ ’ਚ ਲਿਆਂਦਾ: ਏਡੀਸੀ
ਵਧੀਕ ਡਿਪਟੀ ਕਮਿਸ਼ਨਰ ਮਨਦੀਪ ਕੌਰ ਨੇ ਦੱਸਿਆ ਕਿ ਰਾਜ ਕੁਮਾਰ ਦੀ ਸਰੀਰਕ ਅਤੇ ਆਰਥਿਕ ਹਾਲਤ ਬਹੁਤ ਮਾੜੀ ਹੈ। ਇਸ ਲਈ ਉਸ ਦੀ ਮਦਦ ਵਾਸਤੇ ਮੁੱਖ ਮੰਤਰੀ ਨੂੰ ਲਿਖ ਦਿੱਤਾ ਹੈ ਅਤੇ ਨਾਲ ਹੀ ਰੈੱਡ ਕਰਾਸ ਵਿੱਚੋਂ ਆਰਥਿਕ ਸਹਾਇਤਾ ਦਿੱਤੀ ਜਾਵੇਗੀ| ਮਕਾਨ ਵਾਸਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਵੀ ਕਾਰਵਾਈ ਕੀਤੀ ਜਾ ਰਹੀ ਹੈ|