ਜੋਗਿੰਦਰ ਸਿੰਘ ਮਾਨ
ਮਾਨਸਾ, 5 ਮਈ
ਮਾਨਸਾ ਵਿੱਚ ਬੀਤੇ ਦਿਨ ਪਏ ਭਰਵੇਂ ਮੀਂਹ ਤੋਂ ਬਾਅਦ ਸ਼ਹਿਰ ਵਿੱਚ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤੋਂ ਬਾਅਦ ਡੀਸੀ ਦੇ ਘਰ ਨੂੰ ਜਾਂਦੇ ਮੁੱਖ ਮਾਰਗ ਉੱਤੇ ਸਾਰੀ ਰਾਤ ਸੀਵਰੇਜ ਕਾਮੇ ਵੱਡੀਆਂ ਮਸ਼ੀਨਾਂ ਲਗਾ ਕੇ ਸੀਵਰੇਜ ਸਿਸਟਮ ਦੀ ਸਫ਼ਾਈ ਕਰਨ ਵਿੱਚ ਰੁੱਝੇ ਰਹੇ। ਸਵੇਰ ਵੇਲੇ ਗੰਦੇ ਪਾਣੀ ਦੀ ਨਿਕਾਸੀ ਹੋ ਸਕੀ। ਮਾਨਸਾ ਬੱਸ ਸਟੈਂਡ ਸਾਹਮਣੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਦੇ ਆਲੇ-ਦੁਆਲੇ ਸਵੇਰ 9 ਵਜੇ ਤੋਂ ਬਾਅਦ ਪਾਣੀ ਨਿਕਲ ਸਕਿਆ। ਇਸ ਤੋਂ ਪਹਿਲਾਂ ਬੱਸ ਸਟੈਂਡ, ਠੀਕਰੀਵਾਲਾ ਚੌਕ, ਧੀਰ ਵਾਲੀ ਗਲੀ, ਦਰਸ਼ਨ ਸਿੰਘ ਗੁਰਦੁਆਰੇ ਵਾਲੀ ਗਲੀ ਤੋਂ ਇਲਾਵਾ ਬਹੁਤ ਸਾਰੀਆਂ ਗਲੀਆਂ ਵਿਚ ਭਰੇ ਦੂਸ਼ਿਤ ਪਾਣੀ ਕਾਰਨ ਲੋਕਾਂ ਨੂੰ ਘਰਾਂ ’ਚੋਂ ਨਿਕਲਣਾ ਦੁੱਭਰ ਹੋ ਗਿਆ।
ਜ਼ਿਕਰਯੋਗ ਹੈ ਕਿ ਮਾਨਸਾ ਦੇ ਸੀਨੀਅਰ ਐਡਵੋਕੇਟ ਰਾਜ ਕੁਮਾਰ ਕੋਟਲੀ ਨੇ ਕੋਰਟ ਵਿਚ ਪਟੀਸ਼ਨ ਵੀ ਪਾਈ ਹੋਈ ਹੈ ਕਿ ਵਾਰ-ਵਾਰ ਜਾਮ ਹੁੰਦੇ ਸੀਵਰੇਜ ਸਿਸਟਮ ਕਾਰਨ ਗਲੀਆਂ ਅਤੇ ਸੜਕਾਂ ਉਪਰ ਗੰਦਾ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਓਵਰਫਲੋਅ ਸੀਵਰੇਜ ਕਾਰਨ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸੇ ਦੌਰਾਨ ਸੀਵਰੇਜ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਮੀਂਹ ਦੌਰਾਨ ਅਕਸਰ ਸ਼ਹਿਰਾਂ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹ ਜਾਂਦਾ ਹੈ, ਜੋ ਬਾਅਦ ਵਿੱਚ ਆਪਣੇ-ਆਪ ਨਿਕਲ ਜਾਂਦਾ ਹੈ ਅਤੇ ਕਈ ਵਾਰ ਜੇਕਰ ਲੋੜ ਪਵੇ ਤਾਂ ਮਾਡਰਨ ਮਸ਼ੀਨਾਂ ਰਾਹੀਂ ਵੀ ਪਾਣੀ ਕੱਢਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜਕੱਲ੍ਹ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਅੰਦਰੂਨੀ ਸਫ਼ਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।