ਜੋਗਿੰਦਰ ਸਿੰਘ ਮਾਨ
ਮਾਨਸਾ, 15 ਅਕਤੂਬਰ
ਦਸਹਿਰੇ ਮੌਕੇ ਅੱਜ ਸ਼ਹਿਰ ਵਿੱਚ ਜਾਇਦਾਦ ਵਿੱਚੋਂ ਵੱਧ ਹਿੱਸਾ ਮੰਗ ਰਹੇ ਪੁੱਤ ਨੇ ਤਲਵਾਰ ਨਾਲ ਆਪਣੇ ਸੁੱਤੇ ਪਿਤਾ ਦਾ ਕਤਲ ਕਰ ਦਿੱਤਾ। ਉਸ ਨੇ ਪਿਤਾ ’ਤੇ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਮਾਨਸਾ ਥਾਣਾ ਸਿਟੀ-2 ਦੀ ਪੁਲੀਸ ਨੇ ਪੁੱਤ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਲਾਸ਼ ਪੋਸਟਮਾਰਟਮ ਤੋਂ ਬਾਅਦ ਸਿਵਲ ਹਸਪਤਾਲ ਮਾਨਸਾ ਦੇ ਡਾਕਟਰਾਂ ਵੱਲੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਸ਼ਹਿਰ ਦੇ ਲਿੰਕ ਰੋਡ ਸਥਿਤ ਦੁਕਾਨਦਾਰ ਅਮਰਜੀਤ ਸਿੰਘ ਵੱਲੋਂ ਜਾਇਦਾਦ ਵਿੱਚ ਹੋਰ ਹਿੱਸਾ ਮੰਗਣ ਕਾਰਨ ਘਰ ਵਿਚ ਕਲੇਸ਼ ਕੀਤਾ ਗਿਆ। ਉਸ ਨੇ ਤਲਵਾਰ ਨਾਲ ਆਪਣੇ ਸੁੱਤੇ ਪਿਤਾ ਹਰਨੇਕ ਸਿੰਘ (58) ’ਤੇ ਵਾਰ ਕਰਕੇ ਉਸ ਨੂੰ ਲਹੂ ਲੁਹਾਣ ਕਰ ਦਿੱਤਾ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸਿਟੀ-2 ਮਾਨਸਾ ਨੇ ਮ੍ਰਿਤਕ ਦੇ ਪੋਤੇ ਹਰਦੀਪ ਸਿੰਘ ਦੇ ਬਿਆਨ ’ਤੇ ਅਮਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ। ਏਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਜਾਇਦਾਦ ਵਿੱਚੋਂ ਆਪਣੇ ਪਿਉ ਤੋਂ ਹੋਰ ਹਿੱਸਾ ਮੰਗਦਾ ਸੀ, ਜਿਸ ਕਰਕੇ ਉਸ ਨੇ ਗੁੱਸੇ ਵਿੱਚ ਆਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ।