ਪੱਤਰ ਪ੍ਰੇਰਕ
ਮਾਨਸਾ, 24 ਸਤੰਬਰ
ਮਾਨਸਾ ਇਲਾਕੇ ਵਿੱਚ ਤਿੰਨ ਨਹਿਰਾਂ ਵਿੱਚ ਪਾੜ ਪੈਣ ਕਾਰਨ 500 ਏਕੜ ਤੋਂ ਵਧ ਰਕਬੇ ਵਿੱਚ ਪਾਣੀ ਫੈਲ ਗਿਆ ਹੈ। ਸਿੰਚਾਈ ਵਿਭਾਗ ਵੱਲੋਂ ਨਹਿਰਾਂ ਦੇ ਪਾੜਾਂ ਨੂੰ ਪੂਰਨ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ।
ਨਹਿਰੀ ਮਹਿਕਮੇ ਅਤੇ ਕਿਸਾਨਾਂ ਮੁਤਾਬਕ ਮਾਨਸਾ ਨੇੜਲੇ ਮੂਸਾ ਰਜਵਾਹੇ ਵਿੱਚ ਪਾੜ ਪੈਣ ਕਾਰਨ ਝੋਨੇ ਦੀ ਫਸਲ ਵਿੱਚ ਪਾਣੀ ਭਰ ਗਿਆ। ਨਹਿਰ ਦੇ ਪਾੜ ਨੂੰ ਬੰਦ ਕਰਨ ਲਈ ਪ੍ਰਸ਼ਾਸਨ ਵੱਲੋਂ ਪਿੱਛੋਂ ਪਾਣੀ ਘੱਟ ਕਰਵਾਇਆ ਗਿਆ ਹੈ। ਸਿੰਚਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਮੌਕੇ ’ਤੇ ਦੌਰਾ ਕਰਨ ਤੋਂ ਬਾਅਦ ਬੰਨ੍ਹ ਪੂਰਨ ਦੇ ਸਖਤ ਆਦੇਸ਼ ਦਿੱਤੇ ਗਏ ਹਨ। ਬੰਨ੍ਹ ਨੂੰ ਬੰਦ ਕਰਨ ਵਾਸਤੇ ਕਿਸਾਨਾਂ ਵੱਲੋਂ ਵੀ ਉਪਰਾਲੇ ਆਰੰਭੇ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ 500 ਏਕੜ ਤੋਂ ਵੱਧ ਰਕਬੇ ਵਿੱਚ ਪਾਣੀ ਫੈਲ ਗਿਆ ਹੈ ਜਦੋਂ ਕਿ ਮੀਂਹ ਪੈਣ ਨਾਲ ਖੇਤਾਂ ਵਿੱਚ ਪਹਿਲਾਂ ਹੀ ਪਾਣੀ ਭਰਿਆ ਹੋਇਆ ਹੈ। ਇਸ ਨਹਿਰ ਦੇ ਟੁੱਟਣ ਨਾਲ ਪਿੰਡ ਮਾਨਸਾ, ਜਵਾਹਰਕੇ, ਘਰਾਂਗਣਾ ਅਤੇ ਗੇਹਲੇ ਦੇ ਖੇਤਾਂ ਵਿਚ ਪਾਣੀ ਭਰ ਗਿਆ ਹੈ ਤੇ ਫ਼ਸਲਾਂ ਦੇ ਬਹਾਲ ਹੋਣ ਉਮੀਦ ਵਿਖਾਈ ਨਹੀਂ ਦੇ ਰਹੀ।
ਇਸੇ ਦੌਰਾਨ ਪਿੰਡ ਦੂਲੋਵਾਲ ਵਿੱਚ ਮੂਸਾ ਬ੍ਰਾਂਚ ਦੇ ਟੁੱਟਣ ਕਾਰਨ 200 ਏਕੜ ਰਕਬੇ ਵਿੱਚ ਨਹਿਰੀ ਪਾਣੀ ਬੇਮੁਹਰੇ ਖੇਤਾਂ ਵਿੱਚ ਜਾਣ ਲੱਗਿਆ ਹੈ। ਇਸੇ ਤਰ੍ਹਾਂ ਕੋਟਲੀ ਕਲਾਂ ਵਿੱਚ ਘੁੰਮਣ ਰਜਵਾਹੇ ਵਿੱਚ ਵੱਡਾ ਪਾੜ ਪੈਣ ਕਾਰਨ ਖੇਤਾਂ ਵਿੱਚ ਲਗਾਤਾਰ ਪਾਣੀ ਫੈਲਣ ਲੱਗ ਪਿਆ ਹੈ। ਸਿੰਜਾਈ ਵਿਭਾਗ ਦੇ ਮਾਨਸਾ ਸਥਿਤ ਐਕਸੀਅਨ ਇੰਜਨੀਅਰ ਜਗਮੀਤ ਸਿੰਘ ਭਾਖਰ ਨੇ ਮੰਨਿਆ ਕਿ ਨਹਿਰਾਂ ਟੁੱਟ ਗਈਆਂ ਹਨ ਅਤੇ ਇਨ੍ਹਾਂ ਨੂੰ ਬੰਦ ਕਰਨ ਲਈ ਵਿਭਾਗੀ ਚਾਰਾਜੋਈ ਆਰੰਭ ਹੋ ਗਈ ਹੈ।
ਨਹਿਰਾਂ ਦੀ ਸਫਾਈ ਨਾ ਹੋਣ ਕਾਰਨ ਸਮੱਸਿਆ ਆਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜਰਨਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਦੋਸ਼ ਲਾਇਆ ਕਿ ਸਰਕਾਰ ਵਲੋਂ ਨਹਿਰਾਂ ਦੀ ਸਮੇਂ ਸਿਰ ਸਫਾਈ ਨਾ ਕਰਵਾਈ ਜਾਣ ਕਰਕੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਭਗ ਇਕ ਮਹੀਨੇ ਤੋਂ ਬਾਅਦ ਨਹਿਰਾਂ ਵਿੱਚ ਬਿਨਾਂ ਸਫਾਈ ਕਰਵਾਇਆਂ ਪਾਣੀ ਛੱਡਿਆ ਗਿਆ ਸੀ। ਇਸੇ ਦੌਰਾਨ ਮਾਨਸਾ ਜ਼ਿਲ੍ਹੇ ਵਿੱਚੋਂ ਲੰਘਦੀ ਮੂਸਾ ਬਰਾਂਚ ਵਿੱਚ ਪਾੜ ਪੈਣ ਤੋਂ ਬਾਅਦ ਸੈਂਕੜੇ ਏਕੜ ਫਸਲ ਵਿੱਚ ਪਾਣੀ ਭਰ ਜਾਣ ਨਾਲ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਇਹ ਪਾੜ ਨੂੰ ਪੂਰਨ ਲਈ ਯਤਨ ਜਾਰੀ ਹਨ।