ਪੱਤਰ ਪ੍ਰੇਰਕ
ਮਾਨਸਾ, 18 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਦੀ ਅਗਵਾਈ ਹੇਠ ਅੱਜ ਕਿਸਾਨ ਆਗੂਆਂ ਨੇ ਮਾਨਸਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਚਾਂਦਪੁਰਾ ਦੇ ਟੁੱਟੇ ਹੋਏ ਬੰਨ੍ਹ ’ਤੇ ਜਾ ਕੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਥੇਬੰਦੀ ਪਿਛੇਤੇ ਝੋਨੇ ਦੀ ਪਨੀਰੀ ਬੀਜਕੇ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਘੱਟੋ-ਘੱਟ ਦਸ ਏਕੜ ਵਿੱਚ ਨਵੀਂ ਬਿਜਾਈ ਕਰ ਰਹੀ ਹੈ ਅਤੇ ਇਸ ਤੋਂ ਇਲਾਵਾ 50 ਕਿੱਲੇ ਝੋਨਾ ਲਾਉਣ ਲਈ ਪਨੀਰੀ ਤਿਆਰ ਖੜ੍ਹੀ ਹੈ। ਮਸਤੂਆਣਾ ਸਾਹਿਬ ਵਿੱਚ 25 ਕਿੱਲੇ ਪਨੀਰੀ ਬੀਜ ਦਿੱਤੀ ਗਈ ਹੈ, ਪਰ ਚਾਂਦਪੁਰਾ ਦੇ ਟੁੱਟੇ ਹੋਏ ਬੰਨ੍ਹ ਨੂੰ ਬੰਦ ਕੀਤੇ ਬਿਨਾਂ ਬਿਜਾਈ ਸੰਭਵ ਨਹੀਂ ਹੋਣੀ।