ਲਖਵਿੰਦਰ ਸਿੰਘ
ਮਲੋਟ, 31 ਦਸੰਬਰ
ਇਥੇ ਤਹਿਸੀਲ ਕੰਪਲੈਕਸ ਵਿੱਚ ਸੈਂਕੜੇ ਉਸਾਰੀ ਮਿਸਤਰੀ ਅਤੇ ਮਜ਼ਦੂਰ ਯੂਨੀਅਨਾਂ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਔਰਤਾਂ ਨੇ ਭਾਗ ਲਿਆ। ਇਸ ਮੌਕੇ ਇਫਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਰਾਜ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਮਲੋਟ, ਲੰਬੀ ਅਤੇ ਗਿੱਦੜਬਾਹਾ ਵਿਖੇ ਕਰੀਬ 30 ਹਜ਼ਾਰ ਮਜ਼ਦੂਰਾਂ ਦੀਆਂ ਫਾਇਲਾਂ ਜਮ੍ਹਾਂ ਹਨ, ਜਿਨਾਂ ’ਤੇ ਕੋਈ ਕਾਰਵਾਈ ਨਹੀਂ ਹੋਈ। ਤਹਿਸੀਲ ਬੋਰਡ ਦੀ ਕਮੇਟੀ ਦੀ ਵੀ ਪਿਛਲੇ 3 ਸਾਲਾਂ ਤੋਂ ਕੋਈ ਮੀਟਿੰਗ ਨਹੀਂ ਹੋਈ। ਕਰੀਬ 4 ਸਾਲ ਪਹਿਲਾਂ ਉਸਾਰੀ ਮਜ਼ਦੂਰਾਂ ਵਾਸਤੇ ਕੁੱਝ ਸਕੀਮਾਂ ਸਰਕਾਰ ਵੱਲੋਂ ਪਾਸ ਕੀਤੀਆਂ ਗਈਆਂ ਸਨ, ਉਹ ਵੀ ਕਿਤੇ ਨਜ਼ਰ ਨਹੀਂ ਆਈਆਂ। ਇਸ ਤੋਂ ਖ਼ਫਾ ਹੋ ਕੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ। ਉਨ੍ਹਾਂ ਕਿਹਾ ਕਿ ਧਰਨਾ ਅਣਮਿਥੇ ਸਮੇਂ ਲਈ ਹੈ। ਇਸ ਮੌਕੇ ਬਸਪਾ ਦੇ ਜੈਲਾ ਰਾਮ ਅਤੇ ਜਨਰਲ ਸਕੱਤਰ ਅਨੋਖ ਸਿੰਘ ਵੀ ਹਾਜ਼ਰ ਸਨ।