ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਫ਼ਰਵਰੀ
ਇਥੇ ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਇੰਗਲੈਂਡ ਦੀ ਰਾਜਧਾਨੀ ਲੰਡਨ (ਯੂਕੇ) ਵਿੱਚ ਰਹਿੰਦੇ ਪ੍ਰਸਿੱਧ ਸ਼ਾਇਰ ਅਜ਼ੀਮ ਸ਼ੇਖਰ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਅਜ਼ੀਮ ਸ਼ੇਖਰ ‘ਸੁੱਕੀ ਨਦੀ ਦੀ ਰੇਤ’, ‘ਮੁੰਦਰਾਂ’ ਅਤੇ ‘ਹਵਾ ਨਾਲ ਖੁੱਲ੍ਹਦੇ ਬੂਹੇ’ ਨਾਂ ਦੇ ਤਿੰਨ ਗਜ਼ਲ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾ ਚੁੱਕੇ ਹਨ। ਮੰਚ ਵੱਲੋਂ ਸ਼ੇਖਰ ਨੂੰ ਲੋਈ, ਮਾਣ ਪੱਤਰ ਅਤੇ ਪੁਸਤਕਾਂ ਦੇ ਸਨਮਾਨਿਆ ਗਿਆ।
ਮੰਚ ਦੇ ਪ੍ਰਧਾਨ ਕਹਾਣੀਕਾਰ ਗੁਰਮੀਤ ਕੜਿਆਲਵੀ ਅਤੇ ਜਨਰਲ ਸਕੱਤਰ ਰਣਜੀਤ ਸਰਾਂਵਾਲੀ ਨੇ ਪ੍ਰਸਿੱਧ ਸ਼ਾਇਰ ਅਜੀਮ ਸ਼ੇਖਰ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਸਿੱਧ ਸਾਹਿਤਕਾਰ ਕੇਐੱਲ ਗਰਗ ਨੇ ਅਜ਼ੀਮ ਸ਼ੇਖਰ ਨੂੰ ਲੋਕ ਮਨਾਂ ਵਿੱਚ ਵਸ ਜਾਣ ਵਾਲਾ ਸ਼ਾਇਰ ਆਖਦਿਆਂ ਉਸ ਦੀਆਂ ਰਚਨਾਵਾਂ ਵਿਚਲੇ ਲੋਕ ਪੱਖੀ ਮੁਹਾਵਰਿਆਂ ਦੀ ਪ੍ਰਸ਼ੰਸ਼ਾ ਕੀਤੀ।
ਇਸ ਮੌਕੇ ਮਹਿਮਾਨ ਸ਼ਾਇਰ ਅਜ਼ੀਮ ਸ਼ੇਖਰ ਨੇ ਕਿਹਾ ਕਿ ਉਹ ਸਾਹਿਤ ਨੂੰ ਪਰਵਾਸੀ, ਆਵਾਸੀ, ਦਲਿਤ ਸਾਹਿਤ ਜਾਂ ਨਾਰੀਵਾਦੀ ਸਾਹਿਤ ਵਰਗੇ ਚੌਖਟਿਆਂ ਵਿੱਚ ਵੰਡਣ ਦਾ ਹਮਾਇਤੀ ਨਹੀਂ ਹੈ। ਉਨ੍ਹਾਂ ਆਪਣੀਆਂ ਮਨਪਸੰਦ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਨੌਜਵਾਨ ਆਲੋਚਕ ਪ੍ਰੋ. ਗੁਰਜੀਤ ਸਿੰਘ ਸੰਧੂ ਨੇ ਕਿਹਾ ਕਿ ਜਿਹੜੀ ਰਚਨਾ ਕੁੱਝ ਨਵਾਂ ਨਹੀਂ ਲੈ ਕੇ ਆਉਂਦੀ, ਉਸ ਦੀ ਕੋਈ ਸਾਰਥਿਕਤਾ ਨਹੀਂ ਹੁੰਦੀ। ਸਮਾਗਮ ਦੌਰਾਨ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਕਰਨਲ ਬਾਬੂ ਸਿੰਘ, ਸੁਰਜੀਤ ਸਿੰਘ ਕਾਉਂਕੇ, ਮੰਚ ਦੇ ਸਲਾਹਕਾਰ ਅਮਰ ਸੂਫੀ, ਪਰਮਜੀਤ ਚੂਹੜਚੱਕ, ਅਸ਼ੋਕ ਚੁਟਾਨੀ, ਹਰਵਿੰਦਰ ਸਿੰਘ ਬਿਲਾਸਪੁਰ, ਗੁਰਦੀਪ ਲੋਪੋ, ਚਰਨਜੀਤ ਸਿੰਘ ਸਮਾਲਸਰ, ਪ੍ਰੇਮ ਕੁਮਾਰ, ਪੱਤਰਕਾਰ ਰਾਜਵਿੰਦਰ ਰੌਂਤਾ, ਗੁਰਦੇਵ ਸਿੰਘ ਦਰਦੀ, ਅਮਰਜੀਤ ਸਨੇਰਵੀ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਅਤੇ ਨਰਿੰਦਰ ਰੂਹੀ ਨੇ ਰਚਨਾਵਾਂ ਪੇਸ਼ ਕੀਤੀਆਂ। ਗਿਆਨ ਸਿੰਘ ਰਿਟਾ ਡੀਪੀਆਰਓ, ਮੰਚ ਦੇ ਸਕੱਤਰ ਧਾਮੀ ਗਿੱਲ, ਸਕੱਤਰ ਇਕਬਾਲ ਦੁੱਨੇਕੇ, ਵਿੱਤ ਸਕੱਤਰ ਗੁਰਪ੍ਰੀਤ ਧਰਮਕੋਟ, ਨਾਵਲਕਾਰ ਕ੍ਰਿਸ਼ਨ ਪ੍ਰਤਾਪ, ਅਵਤਾਰ ਕਮਾਲ, ਕਹਾਣੀਕਾਰ ਜਸਬੀਰ ਸਿੰਘ ਕਲਸੀ, ਨਾਟਕਕਾਰ ਮੋਹੀ ਅਮਰਜੀਤ ਤੇ ਪ੍ਰਦੀਪ ਰੱਖਰਾ ਨੇ ਹਾਜ਼ਰੀ ਲਗਵਾਈ।