ਮੱਧ ਪ੍ਰਦੇਸ਼ ਦੀ ਲੜਕੀ ਪ੍ਰੇਮੀ ਨਾਲ ਵਿਆਹ ਕਰਾਉਣ ਲਈ ਅੜੀ : The Tribune India

ਮੱਧ ਪ੍ਰਦੇਸ਼ ਦੀ ਲੜਕੀ ਪ੍ਰੇਮੀ ਨਾਲ ਵਿਆਹ ਕਰਾਉਣ ਲਈ ਅੜੀ

ਮੱਧ ਪ੍ਰਦੇਸ਼ ਦੀ ਲੜਕੀ ਪ੍ਰੇਮੀ ਨਾਲ ਵਿਆਹ ਕਰਾਉਣ ਲਈ ਅੜੀ

ਪੱਤਰ ਪ੍ਰੇਰਕ

ਅਬੋਹਰ, 8 ਦਸੰਬਰ

ਆਪਣੇ ਆਪ ਨੂੰ ਮੱਧ ਪ੍ਰਦੇਸ਼ ਦੇ ਮੰਦਸੌਰ ਦੇ ਨੀਮਚ ਦੀ ਰਹਿਣ ਵਾਲੀ ਦੱਸਣ ਵਾਲੀ ਇੱਕ ਲੜਕੀ ਇੱਕ ਹਫ਼ਤੇ ਤੋਂ ਅਬੋਹਰ ’ਚ ਬੈਠੀ ਹੈ। ਇਹ ਲੜਕੀ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਅਬੋਹਰ ਦੇ ਸਿੱਧੂ ਨਗਰੀ ਇਲਾਕੇ ਦੇ ਰਹਿਣ ਵਾਲੇ ਇੱਕ ਨੌਜਵਾਨ ਦੇ ਸੰਪਰਕ ’ਚ ਆਈ ਸੀ। ਦੋਵਾਂ ਵਿਚਾਲੇ ਕਰੀਬ ਛੇ ਮਹੀਨੇ ਤੱਕ ਗੱਲਬਾਤ ਚੱਲਦੀ ਰਹੀ। ਲੜਕੀ ਪਰਿਵਾਰ ਨੂੰ ਛੱਡ ਕੇ ਵਿਆਹ ਲਈ ਅਬੋਹਰ ਆਈ ਸੀ। ਵਾਲਮੀਕਿ ਭਾਈਚਾਰੇ ਨਾਲ ਸਬੰਧਤ ਇਸ ਪੜ੍ਹੀ-ਲਿਖੀ ਲੜਕੀ ਦਾ ਕਹਿਣਾ ਹੈ ਕਿ ਅਬੋਹਰ ਦੀ ਸਿੱਧੂ ਨਗਰੀ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਉਸ ਨਾਲ ਗੱਲਬਾਤ ਕਰਦੇ ਹੋਏ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ। ਸੰਪਰਕ ’ਚ ਆਉਣ ਤੋਂ ਬਾਅਦ ਉਸ ਨੂੰ ਉਸ ਨਾਲ ਪਿਆਰ ਹੋ ਗਿਆ ਤੇ ਮੰਦਸੌਰ ਤੋਂ ਇਕ ਹਫ਼ਤਾ ਪਹਿਲਾਂ ਅਬੋਹਰ ਪਹੁੰਚ ਗਈ। ਪਰ ਲੜਕੇ ਨੇ ਅਬੋਹਰ ਪਹੁੰਚਣ ’ਤੇ ਉਸ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ। ਲੜਕੇ ਦੇ ਮਾਤਾ-ਪਿਤਾ ਨੇ ਵੀ ਉਸ ਨੂੰ ਘਰ ਨਹੀਂ ਵੜਨ ਦਿੱਤਾ। ਪਿਛਲੇ ਇੱਕ ਹਫ਼ਤੇ ਤੋਂ ਇਹ ਲੜਕੀ ਅਬੋਹਰ ਦੇ ਕੁਝ ਸਿਆਸਤਦਾਨਾਂ ਨਾਲ ਸੰਪਰਕ ਕਰਕੇ ਇਨਸਾਫ਼ ਦੀ ਗੁਹਾਰ ਲਾ ਰਹੀ ਹੈ। ਲੜਕੀ ਨੇ ਧਮਕੀ ਦਿੱਤੀ ਹੈ ਕਿ ਜੇ ਲੜਕੇ ਨੇ ਉਸ ਨਾਲ ਵਿਆਹ ਨਾ ਕਰਵਾਇਆ ਤਾਂ ਉਹ ਆਪਣੀ ਜਾਨ ਦੇਣ ਤੋਂ ਪਿੱਛੇ ਨਹੀਂ ਹਟੇਗੀ। ਖ਼ਬਰ ਲਿਖੇ ਜਾਣ ਤੱਕ ਲੜਕੀ ਅਬੋਹਰ ਸ਼ਹਿਰ ਦੇ ਥਾਣਾ ਸਿਟੀ-2 ਦੇ ਬਾਹਰ ਖੜ੍ਹੀ ਸੀ। ਲੜਕੀ ਨੇ ਦੱਸਿਆ ਕਿ ਵਾਰ-ਵਾਰ ਥਾਣੇ ਜਾਣ ਦੇ ਬਾਵਜੂਦ ਉਸ ਦੀ ਸੁਣਵਾਈ ਨਹੀਂ ਹੋ ਰਹੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All