ਜੋਗਿੰਦਰ ਸਿੰਘ ਮਾਨ
ਮਾਨਸਾ, 5 ਸਤੰਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਮਾਲਵਾ ਖੇਤਰ ਵਿੱਚ ਥਾਂ-ਥਾਂ ਲਾਏ ਧਰਨੇ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਿਹੀ ਕਿ ਉਹ ਲੰਪੀ ਸਕਿੱਨ ਰੋਗ ਸਬੰਧੀ ਗੰਭੀਰ ਸਥਿਤੀਆਂ ਨੂੰ ਵੇਖਦਿਆਂ ਸੂਬੇ ਵਿੱਚ ਐਮਰਜੈਂਸੀ ਦਾ ਐਲਾਨ ਕਰੇ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਇਸ ਰੋਗ ਨਾਲ ਮਰੇ ਪਸ਼ੂਆਂ ਦਾ ਇੱਕ ਲੱਖ ਰੁਪਏ ਪ੍ਰਤੀ ਪਸ਼ੂ ਅਤੇ ਬਿਮਾਰ ਪਸ਼ੂਆਂ ਦਾ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਮੁਰਦਾ ਅਤੇ ਬਿਮਾਰ ਪਸ਼ੂਆਂ ਦੀ ਗਿਣਤੀ ਕਰਵਾਉਣ ਦਾ ਹੁਕਮ ਜਾਰੀ ਕਰੇ ਤਾਂ ਜੋ ਪੀੜਤ ਵਿਅਕਤੀਆਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੋਸਟਮਾਰਟਮ ਦੀ ਸ਼ਰਤ ਸਮੇਤ ਬੇਲੋੜੀਆਂ ਸ਼ਰਤਾਂ ਨੂੰ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਮਰੀਆਂ ਹੋਈਆਂ ਗਾਵਾਂ ਨੂੰ ਦੱਬਣ ਲਈ ਪੰਚਾਇਤ ਅਤੇ ਪਸ਼ੂ ਪਾਲਣ ਵਿਭਾਗਾਂ ਰਾਹੀਂ ਪਿੰਡ ਪੱਧਰ ’ਤੇ ਢੁੱਕਵੀਂ ਅਤੇ ਮੁਫ਼ਤ ਵਿਵਸਥਾ ਬੰਦੋਬਸ਼ਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਹਾਂਮਾਰੀ ਦੀ ਰੋਕਥਾਮ ਲਈ ਮੁਫ਼ਤ ਇਲਾਜ ਦਾ ਪਿੰਡ ਪੱਧਰ ’ਤੇ ਪ੍ਰਬੰਧ ਕਰੇ ਅਤੇ ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਪਿੰਡਾਂ ਦੇ ਲੋੜਵੰਦ ਅਤੇ ਮਜ਼ਦੂਰ ਘਰਾਂ ਵਿੱਚ ਬਿਮਾਰ ਡੰਗਰਾਂ ਦੇ ਇਲਾਜ ਲਈ ਉਪਰਾਲੇ ਕਰਨ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਇੱਥੇ ਸਥਿਤ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਨੁਮਾਇੰਦਿਆਂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਧਰਨਾਕਾਰੀਆਂ ਨੂੰ ਕੁਲਵੰਤ ਸਿੰਘ ਕਿ੍ਸ਼ਨਗੜ੍ਹ, ਮਲੂਕ ਸਿੰਘ ਹੀਰਕੇ, ਰਾਮਫ਼ਲ ਚੱਕ ਅਲੀਸ਼ੇਰ, ਨਿਰਮਲ ਸਿੰਘ ਝੰਡੂਕੇ ਆਦਿ ਨੇ ਸੰਬੋਧਨ ਕੀਤਾ।
ਗੁਰੂਹਰਸਹਾਏ (ਅਸ਼ੋਕ ਸੀਕਰੀ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਇਥੇ ਮੰਗਾਂ ਦੇ ਹੱਕ ਵਿੱਚ ਧਰਨਾ ਦਿੱਤਾ ਗਿਆ ਅਤੇ ਸਰਕਾਰ ਤੋਂ ਲੰਪੀ ਸਕਿਨ ਬਿਮਾਰੀ ਬਾਰੇ ਤੇਜ਼ੀ ਨਾਲ ਕਾਰਵਾਈ ਕਰਨ ਅਤੇ ਇਸ ਬਿਮਾਰੀ ਕਾਰਨ ਪੈਦਾ ਹੋਏ ਹਾਲਾਤ ਨੂੰ ਐਮਰਜੈਂਸੀ ਹਾਲਤ ਐਲਾਨਣ ਦੀ ਮੰਗ ਕੀਤੀ। ਇਸ ਮੌਕੇ ਬੋਲਾਰਿਆਂ ਨੇ ਹੋਰਨਾਂ ਮੰਗਾਂ ਦਾ ਵੀ ਜ਼ਿਕਰ ਕੀਤਾ।
ਮੀਤ ਹੇਅਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ
ਬਰਨਾਲਾ (ਪਰਸ਼ੋਤਮ ਬੱਲੀ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਮਨਵਾਉਣ ਹਿਤ ਸਰਕਾਰ ‘ਤੇ ਦਬਾਅ ਵਧਾਉਣ ਦੇ ਮੰਤਵ ਨਾਲ ਕਿਸਾਨਾਂ ਵੱਲੋਂ ਜ਼ਿਲ੍ਹਾ ਪੱਧਰੀ ਧਰਨਾ ਲਗਾਇਆ ਗਿਆ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਕਿਸਾਨ ਆਗੂ ਕੁਲਦੀਪ ਸਿੰਘ ਨੇ ਮੰਗਾਂ ਬਾਰੇ ਦੱਸਿਆ। ਉਨ੍ਹਾਂ ਪਸ਼ੂ ਪਾਲਕਾਂ ਦੇ ਹੋਏ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ਾ ਮੰਗਿਆ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਗੰਨਾ ਕਾਸ਼ਤਕਾਰਾਂ ਦਾ ਖੰਡ ਮਿਲਾਂ ਵੱਲ ਖੜ੍ਹੇ ਬਕਾਏ ਤੁਰੰਤ ਦਿੱਤੇ ਜਾਣ। ਨਕਲੀ ਦੁੱਧ ਬਨਾਉਣ ਵਾਲਿਆ ‘ਤੇ ਕਾਰਵਾਈ ਕੀਤੀ ਜਾਵੇ। ਦੁੱਧ ਦਾ ਰੇਟ 10 ਰੁਪਏ ਪ੍ਰਤੀ ਫੈਟ ਕੀਤਾ ਜਾਵੇ। ਹੜ੍ਹਾਂ /ਕੁਦਰਤੀ ਆਫਤਾਂ ਤੇ ਗੁਲਾਬੀ ਸੁੰਡੀ ਕਾਰਨ ਨੁਕਸਾਨੀਆਂ ਫਸਲਾਂ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਧਰਨੇ ਨੂੰ ਮਨਜੀਤ ਰਾਜ, ਗੁਰਨਾਮ ਸਿੰਘ, ਦਰਸ਼ਨ ਸਿੰਘ ਉਗੋਕੇ, ਰਣਜੀਤ ਸਿੰਘ ਰੂੜੇਕੇ, ਉਜਾਗਰ ਸਿੰਘ ਬੀਹਲਾ, ਜੱਗਾ ਸਿੰਘ, ਮਲਕੀਤ ਸਿੰਘ, ਗੁਰਤੇਜ ਸਿੰਘ, ਬਲਦੇਵ ਸਿੰਘ ਤੇ ਗੁਰਮੇਲ ਸ਼ਰਮਾ ਆਦਿ ਨੇ ਸੰਬੋਧਨ ਕੀਤਾ।
ਭੁੱਚੋ ਵਿੱਚ ਰੋਸ ਮਾਰਚ ਕੱਢਿਆ
ਭੁੱਚੋ ਮੰਡੀ (ਪੱਤਰ ਪ੍ਰੇਰਕ): ਕਿਰਤੀ ਕਿਸਾਨ ਯੂਨੀਅਨ ਨੇ ਇਥੇ ਲੰਪੀ ਸਕਿਨ ਬਿਮਾਰੀ ਨਾਲ ਮਾਰੇ ਗਏ ਦੁਧਾਰੂ ਪਸ਼ੂਆਂ ਅਤੇ ਮੀਂਹ ਨਾਲ ਨੁਕਸਾਨੀਆਂ ਗਈਆਂ ਫਸਲਾਂ ਦੇ ਮੁਆਵਜ਼ੇ ਲਈ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਜ਼ਿਲ੍ਹਾ ਸਕੱਤਰ ਸਵਰਨ ਸਿੰਘ ਪੂਹਲੀ, ਔਰਤ ਵਿੰਗ ਦੀ ਆਗੂ ਮਨਜੀਤ ਕੌਰ, ਗੁਰਮੇਲ ਕੌਰ, ਗੁਰਮੀਤ ਕੌਰ, ਸੂਬਾ ਕਮੇਟੀ ਮੈਂਬਰ ਭਿੰਦਰ ਕੌਰ, ਸੁਖਜਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ।
ਕਿਸਾਨਾਂ ਵੱਲੋਂ ਸਪੀਕਰ ਸੰਧਵਾਂ ਦੀ ਰਿਹਾਇਸ਼ ਦਾ ਘਿਰਾਓ
ਕੋਟਕਪੂਰਾ(ਭਾਰਤ ਭੂਸ਼ਨ ਆਜ਼ਾਦ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਪਿੰਡ ਸੰਧਵਾਂ ਵਿਚਲੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਧਰਨੇ ਦੀ ਅਗਵਾਈ ਕੀਤੀ। ਧਰਨੇ ਵਿਚ ਕਿਰਤੀ ਕਿਸਾਨ ਯੂਨੀਅਨ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੋਂ ਇਲਾਵਾ ਹੋਰ ਕਿਸਾਨ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਅਖੀਰ ਵਿੱਚ ਸਪੀਕਰ ਦੇ ਭਰਾ ਐਕਵੋਕੇਟ ਬੀਰਇੰਦਰ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ ਗਿਆ।