ਪਰਮਜੀਤ ਸਿੰਘ/ਚੰਦਰ ਪ੍ਰਕਾਸ਼ ਕਾਲੜਾ
ਫਾਜ਼ਿਲਕਾ/ਜਲਾਲਾਬਾਦ, 3 ਅਗਸਤ
ਇਲਾਕੇ ਵਿੱਚ ਫੈਲੀ ਲੰਪੀ ਸਕਿਨ ਦੀ ਬਿਮਾਰੀ ਦੀ ਰੋਕਥਾਮ ਲਈ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦਵਾਈਆਂ ਦੀ ਖ਼ਰੀਦ ਅਤੇ ਜਾਗਰੂਕਤਾ ਗਤੀਵਿਧੀਆਂ ਲਈ ਫਾਜ਼ਿਲਕਾ ਜ਼ਿਲ੍ਹੇ ਨੂੰ ਪੰਜ ਲੱਖ ਰੁਪਏ ਜਾਰੀ ਕੀਤੇ ਹਨ।
ਇਸ ਸਬੰਧੀ ਮੰਤਰੀ ਸ੍ਰੀ ਭੁੱਲਰ ਨੇ ਦੱਸਿਆ ਕਿ ਸਰਹੱਦੀ ਜ਼ਿਲ੍ਹਿਆਂ ਵਿੱਚ ਇਸ ਬੀਮਾਰੀ ਦੇ ਜ਼ਿਆਦਾ ਫੈਲਣ ਦੀਆਂ ਰਿਪੋਰਟਾਂ ਹਨ। ਇਸ ਲਈ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫ਼ਾਜ਼ਿਲਕਾ ਅਤੇ ਫ਼ਿਰੋਜ਼ੁਪਰ ਨੂੰ 5-5 ਲੱਖ ਰੁਪਏ ਜਾਰੀ ਕੀਤੇ ਗਏ ਹਨ। ਬਾਕੀ ਜ਼ਿਲ੍ਹਿਆਂ ਨੂੰ 3-3 ਲੱਖ ਰੁਪਏ ਦੇ ਫ਼ੰਡ ਦਿੱਤੇ ਗਏ ਹਨ। ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਬਿਮਾਰੀ ਤੋਂ ਬਚਾਅ ਲਈ ਐਡਵਾਈਜ਼ਰੀ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਜਾਰੀ ਕਰ ਕੇ ਅਧਿਕਾਰੀਆਂ ਨੂੰ ਇਸ ਦਾ ਸਖ਼ਤੀ ਨਾਲ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਇਸ ਬਿਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਪਸ਼ੂ ਪਾਲਣ ਮੰਤਰੀ ਨੇ ਜ਼ਿਲ੍ਹੇ ਵਿੱਚ ਤਾਇਨਾਤ ਡਿਪਟੀ ਡਾਇਰੈਕਟਰ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਖੇਤਰਾਂ ਦੇ ਨਿਰੰਤਰ ਦੌਰੇ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਖ਼ਾਸ ਤੌਰ ’ਤੇ ਪਸ਼ੂ ਫ਼ਾਰਮਾਂ ਵਿੱਚ ਨਜ਼ਰ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀ ਪਿੰਡਾਂ ਦੇ ਪਸ਼ੂ ਪਾਲਕਾਂ/ਕਿਸਾਨਾਂ ਨੂੰ ਜਾਗਰੂਕ ਕਰਦੇ ਰਹਿਣ।
ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਹ ਲਾਗ ਦੀ ਬਿਮਾਰੀ ਗਾਵਾਂ ਵਿੱਚ ਜ਼ਿਆਦਾ ਫੈਲਦੀ ਹੈ ਅਤੇ ਮੱਖੀ/ਮੱਛਰ ਇਸ ਬੀਮਾਰੀ ਨੂੰ ਫੈਲਾਉਣ ਦਾ ਕਾਰਨ ਬਣਦੇ ਹਨ। ਇਸ ਲਈ ਪ੍ਰਭਾਵਤ ਪਸ਼ੂਆਂ ਨੂੰ ਪਹਿਲ ਦੇ ਆਧਾਰ `ਤੇ ਸਿਹਤਮੰਦ ਪਸ਼ੂਆਂ ਨਾਲੋਂ ਵੱਖ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸੰਭਵ ਹੋ ਸਕੇ ਤਾਂ ਪਸ਼ੂਆਂ ’ਤੇ ਮੱਛਰਦਾਨੀ ਲਾ ਕੇ ਰੱਖੀ ਜਾਵੇ।
ਕੇਂਦਰ ਨੇ ਮੰਗੀ ਲੰਪੀ ਸਕਿਨ ਬਾਰੇ ਪੰਜਾਬ ਤੋਂ ਰਿਪੋਰਟ
ਫਾਜ਼ਿਲਕਾ: ਕੇਂਦਰ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਇਸ ਬਿਮਾਰੀ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਤੋਂ ਰਿਪੋਰਟ ਤਲਬ ਕੀਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਪਸ਼ੂ ਪਾਲਣ ਵਿਭਾਗ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਡਿਪਟੀ ਡਾਇਰੈਕਟਰ ਡਾ. ਰਾਜੀਵ ਛਾਬੜਾ ਨੇ ਕਿਹਾ ਕਿ ਕੇਂਦਰੀ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਵਿੱਚ ਫੈਲੀ ਇਸ ਬਿਮਾਰੀ ਸਬੰਧੀ ਰਿਪੋਰਟ ਮੰਗੀ ਗਈ ਹੈ। ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡਾਕਟਰਾਂ ਦੀ ਟੀਮ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਡਾ. ਛਾਬੜਾ ਨੇ ਕਿਹਾ ਕਿ ਪਸ਼ੂ ਪਾਲਕ ਘਬਰਾਉਣ ਕਿਉਂਕਿ ਇਸ ਬਿਮਾਰੀ ਨਾਲ ਮੌਤ ਦੀ ਦਰ ਬਹੁਤ ਘੱਟ ਹੈ। ਇਸ ਬਿਮਾਰੀ ਸਬੰਧੀ ਸਭ ਤੋਂ ਪਹਿਲਾਂ ਪੰਜਾਬੀ ਟ੍ਰਿਬਿਊਨ ਨੇ ਖ਼ਬਰ ਨਸ਼ਰ ਕੀਤੀ ਸੀ। ਇਸ ਮਗਰੋਂ ਤੁਰੰਤ ਪਸ਼ੂ ਪਾਲਣ ਵਿਭਾਗ ਨੇ ਟੀਮਾਂ ਬਣਾ ਕੇ ਪਸ਼ੂਆਂ ਦੇ ਇਲਾਜ ਦੀ ਸ਼ੁਰੂਆਤ ਕਰ ਦਿੱਤੀ ਸੀ।