ਭਗਵਾਨ ਦਾਸ ਗਰਗ
ਨਥਾਣਾ, 25 ਅਗਸਤ
ਸ਼ਰਾਬ ਠੇਕੇਦਾਰਾਂ ਅਤੇ ਪੁਲੀਸ ਮੁਲਾਜ਼ਮਾਂ ਵੱਲੋਂ ਪੂਹਲਾ ਵਾਸੀ ਇਕ ਵਿਅਕਤੀ ਦੇ ਘਰ ਵਿੱਚ ਛਾਪਾ ਮਾਰਨ ਦੇ ਮਾਮਲੇ ਵਿੱਚ ਪੂਹਲਾ ਦੀ ਪੰਚਾਇਤ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰਾਂ ਵੱਲੋਂ ਸਥਾਨਕ ਥਾਣੇ ਅੰਦਰ ਦਿੱਤੇ ਜਾ ਰਹੇ ਧਰਨੇ ਦੇ ਦਬਾਅ ਅੱਗੇ ਝੁਕਦਿਆਂ ਅੱਜ ਪੁਲੀਸ ਨੇ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗਵਾ ਮਾਮਲਾ ਸੁਲਝਾ ਲਿਆ। ਇਸ ਮਗਰੋਂ ਲੋਕਾਂ ਨੇ ਥਾਣੇ ਅੰਦਰ ਲਾਇਆ ਧਰਨਾ ਚੁੱਕ ਲਿਆ।
ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਹੁਸਿ਼ਆਰ ਸਿੰਘ, ਅਵਤਾਰ ਸਿੰਘ, ਲਖਵੀਰ ਸਿੰਘ, ਬਚਿੱਤਰ ਸਿੰਘ ਅਤੇ ਗੋਰਾ ਸਿੰਘ ਨੇ ਕਿਹਾ ਸੀ ਕਿ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਅਣਮਿਥੇ ਸਮੇ ਦਾ ਧਰਨਾ ਦੇ ਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਪੁਲੀਸ ਅਧਿਕਾਰੀ ਹਰਕਤ ਵਿੱਚ ਆਏ। ਪੁਲੀਸ ਨੇ ਸ਼ਰਾਬ ਠੇਕੇਦਾਰ ਦੇ ਕਰਿੰਦੇ ਗੁਰਦੀਪ ਸਿੰਘ, ਜਸਵੀਰ ਸਿੰਘ ਅਤੇ ਬੂਟਾ ਸਿੰਘ ਨੂੰ ਧਰਨੇ ਵਿਚ ਬੁਲਾਇਆ ਤੇ ਉਨ੍ਹਾਂ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗਵਾਈ। ਵਰਕਰਾਂ ਨੇ ਭਰੋਸਾ ਦਿਵਾਇਆ ਕਿ ਪੰਚਾਇਤ ਜਾਂ ਜ਼ਿੰਮੇਵਾਰ ਵਿਅਕਤੀਆਂ ਦੀ ਹਾਜ਼ਰੀ ਬਿਨਾਂ ਉਹ ਪਿੰਡ ਦੇ ਕਿਸੇ ਵੀ ਘਰ ਵਿੱਚ ਜਾ ਕੇ ਛਾਪਾ ਨਹੀਂ ਮਾਰਨਗੇ। ਆਪਸੀ ਸਮਝੌਤੇ ਉਪਰੰਤ ਧਰਨਾਕਾਰੀਆਂ ਨੇ ਥਾਣੇ ਅੰਦਰ ਜੇਤੂ ਰੈਲੀ ਕੀਤੀ।