ਜਸਵੰਤ ਜੱਸ
ਫ਼ਰੀਦਕੋਟ, 22 ਅਪਰੈਲ
ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆ ਐਸੋਸੀਏਸ਼ਨ ਨੇ ਅੱਜ ਲਿਫਟਿੰਗ ਦੇ ਠੇਕੇਦਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਮਾਰਕਿਟ ਕਮੇਟੀ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ। ਇਸ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਮੰਡੀਆਂ ਵਿੱਚੋਂ ਕਣਕ ਸੁਰੱਖਿਅਤ ਤਰੀਕੇ ਨਾਲ ਨਹੀਂ ਚੁੱਕੀ ਗਈ, ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ। ਵਿਧਾਇਕ ਨੇ ਧਰਨੇ ਤੋਂ ਬਾਅਦ ਖਰੀਦ ਪ੍ਰਬੰਧਾਂ ਵਿੱਚ ਲੱਗੇ ਅਧਿਕਾਰੀਆਂ ਨੂੰ ਕਮੇਟੀ ਦੇ ਦਫ਼ਤਰ ਬੁਲਾ ਕੇ ਆੜ੍ਹਤੀਆਂ ਨਾਲ ਮੀਟਿੰਗ ਕਰਵਾਈ। ਵਿਧਾਇਕ ਸੇਖੋਂ ਨੇ ਕਿਹਾ ਕਿ ਮੀਟਿੰਗ ਦੌਰਾਨ ਇੱਕ ਹਫ਼ਤੇ ’ਚ ਲਿਫਟਿੰਗ ਮੁਕੰਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਮੈਂਬਰ ਵਰਿੰਦਰ ਕੁਮਾਰ ਬਿੰਦਰੀ, ਤਰਸੇਮ ਸੱਚਦੇਵਾ ਅਤੇ ਗਰੀਸ਼ ਛਾਬੜਾ ਨੇ ਕਿਹਾ ਕਿ ਮੰਡੀਆਂ ਵਿੱਚ ਅਜੇ 60 ਫੀਸਦੀ ਕਣਕ ਦੀ ਲਿਫਟਿੰਗ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਖੁੱਲ੍ਹੇ ਆਸਮਾਨ ਹੇਠ ਪਈ ਕਣਕ ਖਰਾਬ ਹੋ ਰਹੀ ਹੈ ਕਿਉਂਕਿ ਅਨਾਜ ਉੱਪਰ ਦੋ ਵਾਰ ਹਲਕੀ ਬਾਰਿਸ਼ ਹੋ ਚੁੱਕੀ ਹੈ। ਐੱਸ.ਡੀ.ਐੱਮ. ਬਲਜੀਤ ਕੌਰ ਨੇ ਕਿਹਾ ਕਿ 30 ਅਪਰੈਲ ਤੋਂ ਪਹਿਲਾਂ 100 ਫੀਸਦੀ ਲਿਫਟਿੰਗ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੁਤਾਹੀ ਕਰਨ ਵਾਲੇ ਅਮਲੇ ਤੇ ਠੇਕੇਦਾਰਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਸੇਖੋਂ ਨੇ ਕਿਹਾ ਕਿ ਜੇ ਕਿਸਾਨਾਂ ਜਾਂ ਆੜ੍ਹਤੀਆਂ ਦੀ ਖਰੀਦ ਪ੍ਰਬੰਧਾਂ ਨੂੰ ਲੈ ਕੇ ਜੇ ਹੋਰ ਸ਼ਿਕਾਇਤ ਆਈ ਤਾਂ ਠੇਕੇਦਾਰਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ।
ਸ਼ਹਿਣਾ (ਪੱਤਰ ਪ੍ਰੇਰਕ) ਲਿਫਟਿੰਗ ਨਾ ਹੋਣ ਕਾਰਨ ਖਰੀਦ ਕੇਂਦਰ ਸ਼ਹਿਣਾ ਵਿੱਚ ਕਣਕ ਦੇ ਅੰਬਾਰ ਲੱਗੇ ਪਏ ਹਨ। ਰੋਜ਼ਾਨਾ 2 ਤੋਂ 4 ਟਰੱਕ ਹੀ ਲਿਫਟਿੰਗ ਲਈ ਆ ਰਹੇ ਹਨ। ਮੰਡੀ ਵਿੱਚ ਨਵੀਂ ਕਣਕ ਦੀ ਆਮਦ ਬੰਦ ਹੋ ਗਈ ਹੈ ਅਤੇ ਨਾ-ਮਾਤਰ ਕਣਕ ਹੀ ਭਰਨ ਵਜੋਂ ਬਾਕੀ ਪਈ ਹੈ। ਖਰੀਦ ਕੇਂਦਰ ’ਚ ਕਿਸਾਨਾਂ ਲਈ ਪਾਇਆ ਸ਼ੈੱਡ ਵੀ ਛੋਟਾ ਹੈ। ਰਾਤ ਸਮੇਂ ਆਏ ਮੀਂਹ ਅਤੇ ਝੱਖੜ ਸਮੇਂ ਸਾਰੀ ਲੇਬਰ, ਕਿਸਾਨ ਇਸ ਛੋਟੇ ਜਿਹੇ ਸ਼ੈੱਡ ’ਚ ਹੀ ਬੈਠਣ ਨੂੰ ਮਜਬੂਰ ਹਨ। ਇਸੇ ਛੋਟੇ ਸ਼ੈੱਡ ’ਚ ਮਾਰਕੀਟ ਕਮੇਟੀ ਦਾ ਕੰਡਾ ਵੀ ਪਿਆ ਹੈ। ਕਿਸੇ ਵੀ ਅਧਿਕਾਰੀ ਨੇ ਮੰਡੀ ’ਚ ਜਾ ਕੇ ਲੋਕਾਂ ਦੀ ਤਕਲੀਫ਼ ਜਾਨਣ ਦੀ ਲੋੜ ਹੀ ਨਹੀਂ ਸਮਝੀ। ਕਿਸਾਨ ਗੁਰਦੇਵ ਸਿੰਘ, ਭਜਨ ਸਿੰਘ, ਬਲਵਿੰਦਰ ਸਿੰਘ ਨੇ ਮੰਗ ਕੀਤੀ ਕਿ ਖਰੀਦ ਕੇਂਦਰ ਦੀ ਚਾਰਦੀਵਾਰੀ ਕੀਤੀ ਜਾਵੇ। ਚਾਰਦੀਵਾਰੀ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਚੋਰੀਆਂ ਵੀ ਹੋ ਰਹੀਆਂ ਹਨ। ਲਾਗਲੇ ਖਰੀਦ ਕੇਂਦਰ ਚੂੰਘਾਂ, ਪੱਖੋਕੇ, ਵਿਧਾਤੇ, ਜਗਜੀਤਪੁਰਾ, ਉਗੋਕੇ ’ਚ ਵੀ ਲਿਫਟਿੰਗ ਦਾ ਕੰਮ ਢਿੱਲਾ ਹੀ ਹੈ।