ਜੋਗਿੰਦਰ ਸਿੰਘ ਮਾਨ
ਮਾਨਸਾ, 11 ਜੁਲਾਈ
ਝੋਨੇ ਦੀ ਫ਼ਸਲ ’ਤੇ ਐਤਕੀਂ ਲਵਾਈ ਵੇਲੇ ਹੀ ਪੱਤਾ ਲਪੇਟ ਸੁੱਡੀ ਦਾ ਹਮਲਾ ਹੋ ਗਿਆ ਹੈ। ਇਸ ਕਾਰਨ ਕਿਸਾਨਾਂ ਵਿੱਚ ਘਬਰਾਹਟ ਹੈ ਅਤੇ ਉਹ ਇਸ ਤੋਂ ਬਚਾਅ ਲਈ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਲੱਗੇ ਹਨ। ਉੱਧਰ, ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਸਪਰੇਅ ਸੋਚ-ਸਮਝ ਕੇ ਕਰਨ ਦਾ ਸੱਦਾ ਦਿੱਤਾ ਹੈ ਅਤੇ ਇਸ ਹਮਲੇ ਨੂੰ ਫਿਲਹਾਲ ਮਾਮੂਲੀ ਮੰਨਿਆ ਹੈ।
ਮਾਲਵਾ ਪੱਟੀ ਦੇ ਇਸ ਖੇਤਰ ਵਿੱਚ ਇਸ ਵੇਲੇ ਪਛੇਤੇ ਝੋਨੇ ਦੀ ਲਵਾਈ ਦਾ ਜ਼ੋਰ ਹੈ, ਪਰ ਜਿਹੜੇ ਝੋਨੇ ਨੂੰ ਤਿੰਨ-ਚਾਰ ਹਫ਼ਤੇ ਪਹਿਲਾਂ ਲਾਇਆ ਗਿਆ ਹੈ, ਉਸ ਉਪਰ ਪੱਤਾ ਲਪੇਟ ਸੁੰਡੀ ਦਾ ਹਮਲਾ ਹੋਣਾ ਸ਼ੁਰੂ ਹੋ ਗਿਆ ਹੈ। ਕਿਸਾਨਾਂ ਨੇ ਇਸ ਹਮਲੇ ਸਬੰਧੀ ਜਦੋਂ ਖੇਤੀ ਵਿਭਾਗ ਦੇ ਮਾਹਿਰਾਂ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਹਮਲੇ ਨੂੰ ਕਿਤੇ-ਕਿਤੇ ਮੁੱਢਲੀ ਸਟੇਜ ’ਤੇ ਸਵੀਕਾਰ ਕੀਤਾ ਹੈ। ਖੇਤੀ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਹਮਲਾ ਬਿਨਾਂ ਸਪਰੇਆਂ ਤੋਂ ਹੀ ਠੱਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਉਂ ਹੀ ਇੱਕ ਚੰਗਾ ਮੀਂਹ ਝੋਨੇ ਦੀ ਇਸ ਫ਼ਸਲ ਉਪਰ ਪਵੇਗਾ ਤਾਂ ਇਹ ਸੁੰਡੀ ਆਪਣੇ-ਆਪ ਪਾਣੀ ਵਿੱਚ ਡਿੱਗਕੇ ਮਰ ਜਾਵੇਗੀ ਅਤੇ ਇਸ ਤੋਂ ਪਹਿਲਾਂ ਪਏ ਮੀਂਹ ਨੇ ਨਰਮੇ ਅਤੇ ਝੋਨੇ ਉਪਰ ਹਮਲਾ ਕਰਨ ਵਾਲੇ ਸਾਰੇ ਕੀਟਾਂ ਨੂੰ ਮਾਰ ਸੁੱਟਿਆ ਹੈ।
ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਡਾ. ਮਨਜੀਤ ਸਿੰਘ ਨੇ ਆਪਣੀ ਟੀਮ ਸਮੇਤ ਮਾਨਸਾ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਮੰਨਿਆ ਕਿ ਇਹ ਹਮਲਾ ਝੋਨੇ ਦੀ ਫ਼ਸਲ ’ਤੇ ਕਿਤੇ ਵੀ ਨਜ਼ਰ ਨਹੀਂ ਆਇਆ, ਪਰ ਐਡੀ ਵੱਡੀ ਗੱਲ ਨਹੀਂ ਕਿ ਇਸ ਤੋਂ ਘਬਰਾ ਕੇ ਕਿਸਾਨ ਅੰਨ੍ਹੇਵਾਹ ਸਪਰੇਅ ਛਿੜਕਣ ਲੱਗ ਜਾਣ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਵਿੱਚ ਜਾਣ ਅਤੇ ਜੇਕਰ ਉਹ ਹਮਲੇ ਨੂੰ ਜ਼ਿਆਦਾ ਸਮਝਦੇ ਹਨ ਤਾਂ ਉਹ ਤੁਰੰਤ ਖੇਤੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਨਾਲ ਸਲਾਹ ਕਰਨ।