ਪੱਤਰ ਪ੍ਰੇਰਕ
ਟੱਲੇਵਾਲ, 30 ਮਈ
ਪਿੰਡ ਭੋਤਨਾ ਵਿੱਚ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਭੋਤਨਾ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੈਦ ਪੱਤੀ ਵਾਲੇ ਪਾਰਕ ਵਿੱਚ ਮਿਨੀ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ। ਲਾਇਬ੍ਰੇਰੀ ਦੇ ਪ੍ਰਧਾਨ ਮਾਸਟਰ ਗੁਰਪ੍ਰੀਤ ਸਿੰਘ ਭੋਤਨਾ ਨੇ ਦੱਸਿਆ ਕਿ ਲਾਇਬ੍ਰੇਰੀ ਕਮੇਟੀ ਵੱਲੋਂ ਪਹਿਲਾਂ ਵੀ ਮੇਨ ਬੱਸ ਅੱਡੇ ’ਤੇ ਮਿਨੀ ਲਾਇਬ੍ਰੇਰੀ ਲਗਾਈ ਗਈ ਸੀ ਤੇ ਉਸ ਲਾਇਬ੍ਰੇਰੀ ਦੇ ਸਫ਼ਲ ਤਜਰਬੇ ਤੋਂ ਬਾਅਦ ਹੁਣ ਇਹ ਦੂਜੀ ਮਿਨੀ ਲਾਇਬ੍ਰੇਰੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਦੇ ਸਹਿਯੋਗ ਨਾਲ ਲਗਾਈ ਜਾ ਰਹੀ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਸੇਵਾਦਾਰ ਕਮੇਟੀ ਨੇ ਇਸ ਵਾਰ ਫ਼ੈਸਲਾ ਕੀਤਾ ਹੈ ਕਿ ਨੌਜਵਾਨਾਂ ਵਿੱਚ ਚੰਗਾ ਸਾਹਿਤ ਪੜ੍ਹਨ ਦੀ ਚੇਟਕ ਲਗਾਉਣ ਲਈ ਕਿਤਾਬਾਂ ਦੇ ਲੰਗਰ ਵੀ ਲਾਏ ਜਾਣਗੇ। ਇਸ ਲਾਇਬ੍ਰੇਰੀ ਵਿੱਚ ਧਾਰਮਿਕ ਸਾਹਿਤ ਦੇ ਨਾਲ-ਨਾਲ, ਬਾਲ ਸਾਹਿਤ, ਨਾਵਲ, ਕਹਾਣੀ ਆਦਿ ਕਿਤਾਬਾਂ ਪਾਰਕ ਵਿੱਚ ਆਉਣ ਜਾਣ ਵਾਲਿਆਂ ਰੱਖੀਆਂ ਗਈਆਂ ਹਨ। ਕੋਈ ਵੀ ਵਿਆਕਤੀ ਬਿਨਾਂ ਕਿਸੇ ਫੀਸ ਦੇ ਪੜ੍ਹਨ ਲਈ ਲਿਜਾ ਸਕਦਾ ਤੇ ਪੜ੍ਹਨ ਤੋਂ ਬਾਅਦ ਵਾਪਸ ਲਾਇਬ੍ਰੇਰੀ ਵਿੱਚ ਰੱਖੇਗਾ।