ਖੇਤਰੀ ਪ੍ਰਤੀਨਿਧ
ਬਰਨਾਲਾ, 27 ਫਰਵਰੀ
ਇੱਥੇ ਤਰਕਸ਼ੀਲ ਭਵਨ ਵਿੱਚ ਕ੍ਰਿਸ਼ਨ ਬਰਗਾੜੀ ਦੀ ਯਾਦ ਵਿੱਚ ਸੂਬਾ ਪੱਧਰੀ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ 20ਵਾਂ ਕ੍ਰਿਸ਼ਨ ਬਰਗਾੜੀ ਯਾਦਗਾਰੀ ਐਵਾਰਡ ਨਾਮਵਰ ਨਾਟਕਕਾਰ, ਰੰਗਕਰਮੀ ਤੇ ਨਿਰਦੇਸ਼ਕ ਡਾ. ਸਾਹਿਬ ਸਿੰਘ ਨੂੰ ਦਿੱਤਾ ਗਿਆ। ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਉੱਘੇ ਇਤਿਹਾਸਕਾਰ ਡਾ. ਸੁਭਾਸ਼ ਪਰਿਹਾਰ ਨੇ ਕਿਹਾ ਕਿ ਫਿਰਕਾਪ੍ਰਸਤ ਤਾਕਤਾਂ ਵੱਲੋਂ ਇਤਿਹਾਸ ਬਦਲਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸੋਚੀ ਸਮਝੀ ਸਾਜਿਸ਼ ਦਾ ਸਿੱਟਾ ਹਨ, ਜਿਸ ਦਾ ਮਕਸਦ ਭਗਵਾਂਕਰਨ ਰਾਹੀਂ ਫਿਰਕੂ ਫਾਸ਼ੀਵਾਦੀ ਸੋਚ ਨੂੰ ਉਤਸ਼ਾਹਿਤ ਕਰਕੇ ਲੋਕਾਂ ਵਿੱਚ ਧਰਮ, ਜਾਤ ਆਧਾਰਿਤ ਵੰਡੀਆਂ ਨੂੰ ਪੱਕਿਆਂ ਕਰਨਾ ਹੈ। ਡਾ. ਪਰਿਹਾਰ ਨੇ ਕਿਹਾ ਕਿ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਨੀਤੀ ਨੂੰ ਮਾਤ ਦੇਣ ਲਈ ਵਿਗਿਆਨਕ ਚੇਤਨਾ ਸਮੇਂ ਦੀ ਲੋੜ ਹੈ। ਸੂਬਾਈ ਤਰਕਸ਼ੀਲ ਆਗੂ ਰਾਜਿੰਦਰ ਭਦੌੜ ਨੇ ਕ੍ਰਿਸ਼ਨ ਬਰਗਾੜੀ ਵੱਲੋਂ ਆਪਣੇ ਜੀਵਨ ਸਫ਼ਰ ਵਿੱਚ ਤਰਕਸ਼ੀਲ ਚੇਤਨਾ ਦੇ ਪਾਸਾਰ ਵਿੱਚ ਪਾਏ ਯੋਗਦਾਨ ਨੂੰ ਮਿਸਾਲੀ ਦੱਸਿਆ। ਡਾ. ਸਾਹਿਬ ਸਿੰਘ ਨੇ ਕਿਹਾ ਕਿ ਨਾਟ ਕਲਾ ਰਾਹੀਂ ਜ਼ਿੰਦਗੀ ਤੇ ਸਮਾਜ ਨੂੰ ਸੁਖਾਵੇਂ ਰੁਖ ਤੋਰਨਾ ਲੋਕ ਪੱਖੀ ਕਲਾ ਦਾ ਧਰਮ ਹੈ। ਉਨ੍ਹਾਂ ਕ੍ਰਿਸ਼ਨ ਬਰਗਾੜੀ ਦੀ ਜੀਵਨ ਘਾਲਣਾ ਨੂੰ ਸਲਾਮ ਕੀਤਾ।
ਸਮਾਰੋਹ ਵਿੱਚ ਬੋਲਦਿਆਂ ਸਾਹਿਤ ਵਿਭਾਗ ਦੇ ਮੁਖੀ ਰਾਜਪਾਲ ਸਿੰਘ ਨੇ ਕਿਹਾ ਕਿ ਫਿਰਕਾਪ੍ਰਸਤੀ ਫੈਲਾਉਣ ਵਾਲੀਆਂ ਤਾਕਤਾਂ ਸੱਤਾ ਦੀ ਸਹਿ ਲੋਕਾਂ ਨੂੰ ਗੁੰਮਰਾਹ ਕਰਕੇ ਰਾਜ ਭਾਗ ਦੀ ਉਮਰ ਲੰਬੀ ਕਰਦੀਆਂ ਹਨ। ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕੈਨੇਡਾ ਦੇ ਕੌਮੀ ਕੋ-ਕਨਵੀਨਰ ਬਲਵਿੰਦਰ ਬਰਨਾਲਾ ਤੇ ਨੈਸ਼ਨਲ ਮੈਂਬਰ ਡਾ. ਬਰਜਿੰਦਰ ਸਿੰਘ ਸੇਖੋਂ ਨੇ ਵਿਸ਼ੇਸ਼ ਸ਼ਿਰਕਤ ਕੀਤੀ।