ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 23 ਦਸੰਬਰ
ਕੋਟਕਪੂਰਾ ਤੇ ਬਹਬਿਲ ਕਲਾਂ ਗੋਲੀ ਕਾਂਡ ਬਾਦਲ ਪਰਿਵਾਰ ਦੀ ਬਦੌਲਤ ਇਤਿਹਾਸ ਕੇ ਕਾਲੇ ਪੰਨਿਆਂ ’ਤੇ ਆਉਣ ਵਾਲੀ ਪੀੜ੍ਹੀਆ ਸੌ ਸਾਲ ਤੱਕ ਯਾਦ ਰੱਖਣਗੀਆਂ। ਇਹ ਪ੍ਰਗਟਾਵਾ ਸੀਨੀਅਰ ਆਪ ਆਗੂ ਸਾਬਕਾ ਆਈਪੀਐੱਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੋਟਕਪੂਰਾ ਵਿੱਚ ਵਪਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਅਨੁਸਾਰ ਪੰਜਾਬ ’ਚ ਪਿਛਲੇ ਦਿਨੀਂ ਹਰਮਿੰਦਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਮਗਰੋਂ ਕਤਲ ਤੇ ਲੁਧਿਆਣਾ ਵਿੱਚ ਧਮਾਕਾ ਸੋਚੀ ਸਮਝੀ ਸਾਜਿਸ਼ ਹੈ। ਉਨ੍ਹਾਂ ਬਿਨਾਂ ਕਿਸੇ ਦਾ ਨਾਂ ਲਿਆ ਆਖਿਆ ਕਿ ਚੋਣਾਂ ਮੌਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਵਾਉਣਾ ਉਨ੍ਹਾਂ ਦਾ ਮਕਸਦ ਹੋ ਸਕਦਾ ਹੈ। ਇਨ੍ਹਾਂ ਘਟਨਾਵਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਡਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਖਿਆ ਕਿ ਆਪ ਦੇ ਚੋਣਾਂ ਵਿੱਚ ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਮੁੱਦੇ ਹੋਣਗੇ। ਉਨ੍ਹਾਂ ਇਸ ਮੌਕੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ‘ਆਪ’ ਦੀ ਸਰਕਾਰ ਆਉਣ ’ਤੇ ਤਬਦੀਲੀ ਦੀ ਜ਼ਿਕਰ ਕਰਦਿਆਂ ਆਖਿਆ ਕਿ ਇਸ ਮੌਕੇ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਸਿਆਸੀ ਲੀਡਰਾਂ ਨੇ ਕਾਰਪੋਰੇਟਾਂ ਦੇ ਏਜੰਟ ਬਣ ਕੇ ਸਮਾਜਿਕ ਤਾਣੇ-ਬਾਣੇ ਨੂੰ ਢਾਅ ਲਾਈ ਹੈ। ਉਨ੍ਹਾਂ ਨਸ਼ੇ ਦੇ ਮੁੱਦੇ ’ਤੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਉਹ ਲੁਧਿਆਣਾ ’ਚ ਪੁਲੀਸ ਕਮਿਸ਼ਨਰ ਦੇ ਅਹੁਦੇ ’ਤੇ ਸਨ। ਉਨ੍ਹਾਂ ਜਦੋਂ ਨਸ਼ਿਆਂ ਨੂੰ ਨੱਥ ਪਾਉਣੀ ਸ਼ੁਰੂ ਕੀਤੀ ਤਾਂ ਕਾਂਗਰਸੀ ਨਸ਼ੇੜੀਆਂ ਨੂੰ ਬਚਾਉਣ ਲਈ ਆ ਖਲੋਤੇ ਤੇ ਉਸਨੂੰ ਬਦਲ ਦਿੱਤਾ। ਇਸ ਤੋਂ ਪਹਿਲਾਂ ਪਿੰਡ ਬਹਬਿਲ ਕਲਾਂ ’ਚ ਤੇ ਕੋਟਕਪੂਰਾ ਗੋਲੀ ਕਾਂਡ ’ਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਧਰਨੇ ’ਚ ਸ਼ਾਮਲ ਹੋਏ। ਇਸ ਮੌਕੇ ਆਪ ਆਗੂ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਕਾਰਨ ਇਨ੍ਹਾਂ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਸਕਿਆ। ਉਨ੍ਹਾਂ ਆਖਿਆ ਕਿ ਹਾਈ ਕੋਰਟ ਨੇ ਉਨ੍ਹਾਂ ਦੀ ਰਿਪੋਰਟ ’ਤੇ ਕੋਈ ਇਤਰਾਜ਼ ਨਹੀਂ ਕੀਤਾ।