ਪੱਤਰ ਪ੍ਰੇਰਕ
ਰਾਮਪੁਰਾ ਫੂਲ, 2 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਪਿੰਡ ਜੇਠੂਕੇ ਦੇ ਕਿਸਾਨ ਗੁਰਦੇਵ ਸਿੰਘ ਦੀ ਜ਼ਮੀਨ ਦੀ ਕੁਰਕੀ ਰੁਕਵਾ ਦਿੱਤੀ ਗਈ। ਅੱਜ ਕਿਸਾਨ ਦੀ 6 ਏਕੜ ਜ਼ਮੀਨ ਦੀ 13 ਲੱਖ ਰੁਪਏ ਵਿਚ ਕੁਰਕੀ ਹੋਣੀ ਸੀ। ਕਿਸਾਨ ਆਗੂ ਨਿੱਕਾ ਸਿੰਘ ਜੇਠੂਕੇ ਨੇ ਦੱਸਿਆ ਕਿ ਲੈਂਡ ਮਾਰਗੇਜ ਬੈਂਕ ਰਾਮਪੁਰਾ ਵੱਲੋਂ ਅੱਜ ਪਿੰਡ ਜੇਠੂਕੇ ਵਿਚ ਕਿਸਾਨ ਦੀ ਜ਼ਮੀਨ ਕੁਰਕ ਕਰਨ ਲਈ ਸਮਾਂ ਰੱਖਿਆ ਗਿਆ ਸੀ ਪਰ ਕਿਸਾਨਾਂ ਰੋਹ ਦੇ ਦੇਖਿਆ ਕੋਈ ਅਧਿਕਾਰੀ ਨਹੀਂ ਪਹੁੰਚਿਆ। ਹਰਪ੍ਰੀਤ ਕੌਰ ਜੇਠੂਕੇ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ‘ਕਰਜ਼ਾ ਕੁਰਕੀ ਖ਼ਤਮ ਫਸਲ ਦੀ ਪੂਰੀ ਰਕਮ’ ਪਰ ਕਾਂਗਰਸ ਸਰਕਾਰ ਸੱਤਾ ’ਚ ਆ ਕੇ ਸਾਰੀਆਂ ਗੱਲਾਂ ਤੋਂ ਭੱਜ ਚੁੱਕੀ ਹੈ। ਲਗਾਤਾਰ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਨ ਦੇ ਨੋਟਿਸ ਆ ਰਹੇ ਹਨ ਤੇ ਕਿਸਾਨਾਂ ਵੱਲੋਂ ਪੈਦਾ ਕੀਤੇ ਜਾਂਦੇ ਅਨਾਜ ਨੂੰ ਕੌਡੀਆਂ ਦੇ ਭਾਅ ਲੁੱਟਿਆ ਜਾ ਰਿਹਾ ਹੈ। ਕਾਂਗਰਸ ਸਰਕਾਰ ਲੋਕਾਂ ਦੋਖੀ ਸਰਕਾਰ ਸਾਬਤ ਹੋ ਚੁੱਕੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਮਜ਼ਦੂਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਜੇਕਰ ਕੋਈ ਬੈਂਕ ਅਧਿਕਾਰੀ ਕਿਸੇ ਕਿਸਾਨ-ਮਜ਼ਦੂਰ ਨੂੰ ਤੰਗ ਪ੍ਰੇਸ਼ਾਨ ਕਰੇਗਾ, ਉਸ ਘਿਰਾਓ ਕੀਤਾ ਜਾਵੇਗਾ। ਬੂਟਾ ਸਿੰਘ ਬੱਲ੍ਹੋ ਨੇ ਦੱਸਿਆ ਮੁਜ਼ੱਫਰਨਗਰ ਵਿੱਚ ਜੋ 22 ਸੂਬਿਆਂ ਦੀ ਕਿਸਾਨ ਕਾਨਫਰੰਸ ਕੀਤੀ ਜਾ ਰਹੀ ਹੈ। ਉਸ ਵਿੱਚ ਬਲਾਕ ਰਾਮਪੁਰਾ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸ਼ਾਮਲ ਹੋਣਗੇ।