ਲਖਵੀਰ ਸਿੰਘ ਚੀਮਾ
ਟੱਲੇਵਾਲ, 14 ਸਤੰਬਰ
ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ ਡਟੇ ਹੋਏ ਹਨ। ਇਸ ਸੰਘਰਸ਼ ਨੂੰ ਹੋਰ ਹੁਲਾਰਾ ਦੇਣ ਲਈ ਪਿੰਡ ਟੱਲੇਵਾਲ ਖ਼ੁਰਦ ਵਿੱਚ ਪਿੰਡ ਪੱਧਰੀ ਕਿਸਾਨ ਪੰਚਾਇਤ ਬੁਲਾਈ ਗਈ। ਪਿੰਡ ਦੇ ਸੁਤੰਤਰਤਾ ਸੰਗਰਾਮੀ ਤਾਰਾ ਸਿੰਘ ਕਮਿਊਨਿਟੀ ਹਾਲ ਵਿੱਚ ਪਿੰਡ ਦੇ ਹਰ ਘਰ ਤੋਂ ਕਿਸਾਨ ਅਤੇ ਨੌਜਵਾਨ ਸ਼ਾਮਲ ਹੋਏ।
ਇਸ ਮੌਕੇ ਮਾਸਟਰ ਰਣਜੀਤ ਸਿੰਘ ਟੱਲੇਵਾਲ ਅਤੇ ਭਾਕਿਯੂ ਉਗਰਾਹਾਂ ਦੇ ਇਕਾਈ ਪ੍ਰਧਾਨ ਜਰਨੈਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਕਾਨੂੰਨ ਦੇਸ਼ ਭਰ ਦੀ ਖੇਤੀ ਅਤੇ ਕਿਸਾਨੀ ਉਪਰ ਕਬਜ਼ਾ ਕਰਵਾਉਣ ਦਾ ਵੱਡਾ ਹਮਲਾ ਹੈ। ਸਰਕਾਰ ਅਤੇ ਕਾਰਪੋਰੇਟਾਂ ਦੇ ਇਸ ਹੱਲੇ ਨੂੰ ਏਕਤਾ ਨਾਲ ਹੀ ਠੱਲਿਆ ਜਾ ਸਕਦਾ ਹੈ, ਜਿਸ ਕਰਕੇ ਦਿੱਲੀ ਅਤੇ ਪੰਜਾਬ ਵਿੱਚ ਚੱਲ ਰਹੇ ਕਿਸਾਨ ਮੋਰਚਿਆਂ ਵਿੱਚ ਹਰ ਵਿਅਕਤੀ ਨੂੰ ਸ਼ਾਮਲ ਹੋ ਕੇ ਸੰਘਰਸ਼ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਨੂੰ ਡੀਏਪੀ ਦੀ ਹਿੱਸੇਦਾਰੀ 80ਫੀਸਦੀ ਤੋਂ ਘਟਾ ਕੇ 50 ਫੀਸਦੀ ਕਰਨ ਅਤੇ ਫ਼ਸਲਾਂ ਦੀ ਖਰੀਦ ਲਈ ਬੇਲੋੜੀਆਂ ਸ਼ਰਤਾਂ ਰੱਖੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਹਾਜ਼ਰ ਕਿਸਾਨਾਂ ਅਤੇ ਨੌਜਵਾਨਾਂ ਨੇ ਕਿਸਾਨ ਮੋਰਚਿਆਂ ਵਿੱਚ ਸ਼ਾਮਲ ਹੋਣ ਦਾ ਅਹਿਦ ਵੀ ਲਿਆ। ਇਸ ਮੌਕੇ ਮਾਸਟਰ ਹਰਦੀਪ ਸਿੰਘ ਟੱਲੇਵਾਲ ਸੂਬਾ ਆਗੂ ਬੀਕੇਯੂ ਉਗਰਾਹਾਂ, ਜਗਤਾਰ ਸਿੰਘ, ਗੁਰਦਿਆਲ ਸਿੰਘ ਮਰੜ, ਗੋਰਾ ਧਾਲੀਵਾਲ, ਗੁਰਬਚਨ ਸਿੰਘ ਭੁੱਲਰ, ਪ੍ਰਦੀਪ ਸਿੰਘ, ਰਾਜਵਿੰਦਰ ਸਿੰਘ ਢੀਂਡਸਾ, ਅਵਤਾਰ ਸਿੰਘ ਤੁੰਗ, ਜੰਗੀਰ ਸਿੰਘ ਸਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।