ਮੋਗਾ (ਮਹਿੰਦਰ ਸਿੰਘ ਰੱਤੀਆਂ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਸਥਾਨਕ ਰੇਲਵੇ ਸਟੇਸ਼ਨ ’ਤੇ ਰੇਲ ਰੋਕੋ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ। ਇਸ ਧਰਨੇ ਵਿਚ ਮੋਗਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਤਰਨ ਤਾਰਨ, ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਜਲੰਧਰ ਤੋਂ ਸੈਂਕੜੇ ਕਿਸਾਨ-ਮਜ਼ਦੂਰ ਬੀਬੀਆਂ ਸਰਕਾਰ ਖ਼ਿਲਾਫ਼ ਰੇਲ ਮਾਰਗ ’ਤੇ ਬੈਠੀਆਂ। ਇਸ ਮੌਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਹਰਬੰਸ ਸਿੰਘ ਸਾਹ ਵਾਲਾ, ਗੁਰਦੇਵ ਸਿੰਘ ਜਗਜੀਤ ਸਿੰਘ ਖੋਸਾ, ਪਰਮਜੀਤ ਸਿੰਘ ਲੋਹਗੜ੍ਹ, ਅਵਤਾਰ ਸਿੰਘ ਧਰਮ ਸਿੰਘ ਵਾਲਾ ਨੇ ਕਿਹਾ ਕਿ ਸੂਬਾ ਭਰ ’ਚ ਜਥੇਬੰਦੀ ਵੱਲੋਂ 7 ਰੇਲ ਮਾਰਗਾਂ ਉੱਤੇ ਧਰਨੇ ਜਾਰੀ ਹਨ। ਉਨ੍ਹਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਉਸ ਬਿਆਨ ਦੀ ਨਿਖ਼ੇਧੀ ਕੀਤੀ ਜਿਸ ਵਿਚ ਖੇਤੀ ’ਚ ਪ੍ਰਾਈਵੇਟ ਨਿਵੇਸ਼ ਨੂੰ ਵਧਾਉਣ ਤੇ ਤਿੰਨੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਫ਼ਾਇਦੇ ਵਿੱਚ ਹੋਣ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਦਾ ਇਹ ਬਿਆਨ ਕਾਰਪੋਰੇਟ ਜਗਤ ਨੂੰ ਖ਼ੁਸ਼ ਕਰਨ ਵਾਲਾ ਹੈ। ਇਸ ਮੌਕੇ ਆਗੂਆਂ ਨੇ ਮੰਗਾਂ ਮੰਨਣ ਤੱਕ ਰੇਲ ਮਾਰਗਾਂ ਉੱਤੇ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ।
ਫਾਜ਼ਿਲਕਾ (ਪਰਮਜੀਤ ਸਿੰਘ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ’ਚ ਸੈਂਕੜੇ ਕਿਸਾਨਾਂ-ਮਜ਼ਦੂਰਾਂ ਅਤੇ ਬੀਬੀਆਂ ਵੱਲੋਂ ਰੇਲਵੇ ਸਟੇਸ਼ਨ ਫਾਜ਼ਿਲਕਾ ਦੀਆਂ ਰੇਲ ਲਾਈਨਾਂ ’ਤੇ ਪੱਕੇ ਮੋਰਚੇ ਦੇ ਚੌਥੇ ਦਿਨ ਵੀ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਗਦੀਸ਼ ਸਿੰਘ ਮਨਸਾ, ਗੁਰਬਖਸ਼ ਸਿੰਘ, ਕੁਲਵੰਤ ਸਿੰਘ ਹਸਤਾ ਕਲਾਂ ਨੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਤਾਰ ਪਾਰਲੀਆਂ ਜ਼ਮੀਨਾਂ ਦਾ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਪ੍ਰੀਤਮ ਸਿੰਘ, ਜਗਦੀਸ਼ ਸਿੰਘ ਸ਼ਮਸ਼ਾਬਾਦ, ਗੁਰਵੰਤ ਕੌਰ, ਆਸ਼ਾ ਰਾਣੀ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।