ਜੋਗਿੰਦਰ ਸਿੰਘ ਮਾਨ
ਮਾਨਸਾ, 22 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸ਼ਹਿਰ ਵਿੱਚ ਮੁਜ਼ਾਹਰਾ ਕਰ ਕੇ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਸੂਰਜ ਕੁਮਾਰ ਛਾਬੜਾ ਦੇ ਘਰ ਅੱਗੇ ਅੱਜ 18ਵੇਂ ਦਿਨ ਧਰਨਾ ਦੇ ਕੇ ਮੋਦੀ ਸਰਕਾਰ ਦੀ ਮੁਰਦਾਬਾਦ ਕੀਤੀ। ਇਸ ਮੌਕੇ ਮਹਿੰਦਰ ਸਿੰਘ ਰੁਮਾਣਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਭਾਜਪਾ ਆਗੂਆਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਕਾਰਨ ਕਈ ਆਗੂ ਅਸਤੀਫ਼ਾ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਗੋਲੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ 26-27 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਨੂੰ ਕੂਚ ਕਰਨਗੇ।
ਇਸੇ ਦੌਰਾਨ ਸਥਾਨਕ ਰੇਲਵੇ ਪਲੇਟਫਾਰਮ ਨੇੜੇ ਧਰਨੇ ਦੇ 54ਵੇਂ ਦਿਨ ਸੰਬੋਧਨ ਕਰਦਿਆਂ ਬੀਕੇਯੂ ਏਕਤਾ (ਡਕੌਂਦਾ) ਦੇ ਆਗੂ ਬਲਵਿੰਦਰ ਸ਼ਰਮਾ ਨੇ ਕਿਹਾ ਕਿ 31 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਪੰਜਾਬ ਸਰਕਾਰ ਨਾਲ ਹੋਈ ਗੱਲਬਾਤ ਤੋਂ ਬਾਅਦ ਕੀਤੇ ਐਲਾਨ ਮੁਤਾਬਕ ਪਹਿਲਾਂ ਤੋਂ ਜਾਰੀ ਧਰਨੇ ਜਾਰੀ ਰਹਿਣਗੇ।
ਬਰਨਾਲਾ (ਪਰਸ਼ੋਤਮ ਬੱਲੀ): ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ-2020 ਸਣੇ ਪਰਾਲੀ ਫੂਕਣ ’ਤੇ ਸਾੜਨ ਜੁਰਮਾਨੇ ਤੇ ਕੈਦ ਵਾਲੇ ਆਰਡੀਨੈਂਸ ਖ਼ਿਲਾਫ਼ ਕਿਸਾਨ ਸੰਘਰਸ਼ ਬੁਲੰਦ ਹੋ ਰਿਹਾ ਹੈ। ਅੱਜ ਗੁਰਮੀਤ ਸੁਖਪੁਰ ਤੇ ਰਾਜੀਵ ਕੁਮਾਰ ਦੀ ਅਗਵਾਈ ਵਿੱਚ ਅਧਿਆਪਕ ਜਥੇਬੰਦੀ ਡੀਟੀਐਫ ਦੇ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ ਅਤੇ 31,000 ਦੀ ਸਹਿਯੋਗ ਰਕਮ ਵੀ ਭੇਟ ਕੀਤੀ। ਇਸੇ ਤਰ੍ਹਾਂ ਸੂਬੇਦਾਰ ਮਹਿੰਦਰ ਸਿੰਘ ਵੱਲੋਂ 11,000 ਦੀ ਮਾਇਕ ਮਦਦ ਦਿੱਤੀ ਗਈ। ਅੱਜ ਵੱਡੀ ਗਿਣਤੀ ਪੰਜਾਬੀ ਟ੍ਰਿਬਿਊਨ ਦਾ ‘ਕਿਸਾਨ ਮੋਰਚਿਆਂ ਦਾ ਇਤਿਹਾਸ’ ਸਬੰਧੀ ਛਾਪਿਆ ਵਿਸ਼ੇਸ਼ ਅੰਕ ਵੰਡਿਆ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਤੇ ਫੁਰਮਾਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਤੋਂ ਇਲਾਵਾ ਟੌਲ ਪਲਾਜ਼ਾ ਮਹਿਲ ਕਲਾਂ, ਰਿਲਾਇੰਸ ਮਾਲ, ਡੀਮਾਰਟ, ਆਧਾਰ ਮਾਰਕੀਟ, ਐਸਾਰ ਪੈਟਰੋਲ ਪੰਪਾਂ ਸਣੇ ਵੱਖ-ਵੱਖ ਥਾਵਾਂ ’ਤੇ ਸੰਘਰਸ਼ ਜਾਰੀ ਹਨ।
ਝੁਨੀਰ (ਸੁਰਜੀਤ ਵਸ਼ਿਸਟ)/(ਜੀਵਨ ਕ੍ਰਾਂਤੀ): ਕਿਸਾਨ ਅੰਦੋਲਨਾਂ ’ਚ ਹੁਣ ਬੱਚੇ ਵੀ ਨਿੱਤਰ ਆਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਅੱਗੇ ਸਭ ਤੋਂ ਵੱਡਾ ਸਵਾਲ ਜ਼ਮੀਨਾਂ ਬਚਾਉਣਾ ਹੈ। ਕਿਸਾਨੀ ਅੰਦੋਲਨ ਵਿੱਚ ਔਰਤਾਂ ਤੇ ਬੱਚਿਆਂ ਦੀ ਸ਼ਮੂਲੀਅਤ ਵਧਦੀ ਜਾ ਰਹੀ ਹੈ। ਪੰਜਵੀਂ ਜਮਾਤ ’ਚ ਪੜ੍ਹਦੀ ਗੁਰਵਿੰਦਰ ਕੌਰ ਖਿਆਲਾ ਕਲਾਂ, ਤੀਜੀ ’ਚ ਪੜ੍ਹਦੀ ਗੁਰਜੋਤ ਕੌਰ ਸੱਦਾ ਸਿੰਘ ਵਾਲਾ, ਮਨਜਿੰਦਰ ਕੌਰ ਸੱਦਾ ਸਿੰਘ ਵਾਲਾ ਤੇ ਗੁਰਜੋਤ ਕੌਰ ਤੇ ਰਤਨਵੀਰ ਕੌਰ ਖੋਖਰ ਕਲਾ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਦੀਆਂ ਜ਼ਮੀਨਾਂ ਖੋਹਣ ਲੱਗੀ ਹੋਈ ਹੈ। ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨਾਂ ਨੇ ਮੋਦੀ ਸਰਕਾਰ ਦੀ ਇੱਟ ਨਾਲ ਇੱਟ ਖੜਕਾਉਣ ਲਈ ਬੱਚੇ-ਬੱਚੇ ਨੂੰ ਝੋਕ ਦਿੱਤਾ ਹੈ।
ਇਸੇ ਤਰ੍ਹਾਂ ਕਸਬਾ ਝੁਨੀਰ ਦੇ ਸੇਵਾਮੁਕਤ ਸਕੂਲ ਮੁਖੀ ਗੁਰਜੰਟ ਸਿੰਘ ਸਿੱਧੂ, ਗੁਰਚਰਨ ਸਿੰਘ, ਕੌਰ ਸਿੰਘ ਭੰਮਾ, ਨਾਹਰ ਸਿੰਘ, ਸੇਵਾਮੁਕਤ ਬਲਾਕ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਭੁੱਲਰ ਅਤੇ ਸਾਬਕਾ ਬੀ.ਪੀ.ਈ.ਓ. ਮਹਿੰਦਰ ਸਿੰਘ ਧਾਲੀਵਾਲ ਨੇ ਕਿਸਾਨ-ਮਜ਼ਦੂਰ ਸੰਘਰਸ਼ ਦਾ ਸਮਰਥਨ ਕੀਤਾ ਹੈ। ਇੱਥੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਇਹ ਖੇਤੀ ਕਾਨੂੰਨ ਅਤੇ ਨਵਾਂ ਬਿਜਲੀ ਐਕਟ ਲੋਕ ਵਿਰੋਧੀ ਹਨ। ਸੇਵਾਮੁਕਤ ਸਕੂਲ ਮੁਖੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਕਿਸਾਨਾਂ ਅਤੇ ਦੇਸ਼ ਦੇ ਭਵਿੱਖ ਨੂੰ ਦੇਖਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰੇ।
ਕੋਟਕਪੂਰਾ (ਟ.ਨ.ਸ.): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਪੰਜਾਬ ਭਾਜਪਾ ਦੀ ਸੂਬਾਈ ਸਕੱਤਰ ਸੁਨੀਤਾ ਗਰਗ ਦੇ ਘਰ ਅੱਗੇ ਪੱਕਾ ਮੋਰਚਾ ਅੱਜ 53ਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਜ਼ਿਲ੍ਹਾ ਵਿੱਤ ਸਕੱਤਰ ਤਾਰਾ ਸਿੰਘ ਰੋੜੀ ਕਪੂਰਾ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜ਼ਿਲ੍ਹੇ ਵਿੱਚੋਂ ਹਜ਼ਾਰਾਂ ਕਿਸਾਨ ਆਪਣੇ ਟਰੈਕਟਰ ਟਰਾਲੀਆਂ ’ਤੇ ਦਿੱਲੀ ਲਈ ਇੱਕ ਮਹੀਨੇ ਦੇ ਰਾਸ਼ਨ ਸਣੇ ਰਵਾਨਾ ਹੋਣਗੇ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਕਿਸਾਨ ਜਥੇਬੰਦੀਆਂ ਦੇ ਧਰਨੇ ਵਿੱਚ ਬੁਲਾਰਿਆਂ ਨੇ ਖੇਤੀ ਕਾਨੂੰਨ ਰੱਦ ਕਰਨ ਲਈ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਸਮੂਹ ਵਰਗਾਂ ਨੂੰ 26-27 ਨਵੰਬਰ ਨੂੰ ਦਿੱਲ਼ੀ ਜਾਣ ਲਈ ਪ੍ਰੇਰਿਆ। ਰਿਲਾਇੰਸ ਪੈਟਰੋਲ ਪੰਪ ’ਤੇ ਚੱਲ ਰਹੇ ਉਗਰਾਹਾਂ ਗਰੁੱਪ ਦੇ ਧਰਨੇ ਵਿੱਚ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਨਥਾਣਾ (ਭਗਵਾਨ ਦਾਸ ਗਰਗ): ਬੀਕੇਯੂ ਏਕਤਾ ਉਗਰਾਹਾਂ ਦੇ ਮਹਿਲਾ ਵਿੰਗ ਵੱਲੋਂ ਇੱਥੇ ਢੋਲ ਮਾਰਚ ਕੱਢਿਆ ਗਿਆ। ਔਰਤ ਵਿੰਗ ਦੀ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਪਿੰਡ ਹਿਲਾਉ ਪਿੰਡ ਜਗਾਉ ਮੁਹਿੰਮ ਨੂੰ ਸਫ਼ਲ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਹੜੇ ਘੋਲ ਵਿੱਚ ਪਿੰਡਾਂ ਦੀਆਂ ਔਰਤਾਂ ਨੇ ਸ਼ਮੂਲੀਅਤ ਕੀਤੀ ਹੈ ਉਹ ਜਲਦੀ ਸਫ਼ਲ ਹੋਏ ਹਨ। ਉਨ੍ਹਾਂ ਔਰਤਾਂ ਨੂੰ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀਆਂ ਔਰਤ ਆਗੂਆਂ ਵੱਲੋਂ ਪਿੰਡ ਸੇਮਾਂ ਕਲਾਂ ਵਿਚ ਜਾਗਰੂਕਤਾ ਮਾਰਚ ਕੱਢਿਆ ਗਿਆ ਤੇ ਧਰਨੇ ਵਾਸਤੇ ਰਾਸ਼ਨ ਇਕੱਠਾ ਕਰਨ ਦੀ ਮੁਹਿੰਮ ਵਿੱਢੀ ਗਈ। ਜਗਜੀਤ ਸਿੰਘ ਨੇ ਕਿਹਾ ਕਿ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।
ਰਿਲਾਇੰਸ ਕੰਪਨੀ ਦਾ ਰੀਚਾਰਜ ਕਰਨ ਵਾਲੀ ਦੁਕਾਨ ਦਾ ਘਿਰਾਓ
ਸਾਦਿਕ (ਗੁਰਪ੍ਰੀਤ ਸਿੰਘ): ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਸਥਾਨਕ ਮੋਬਾਈਲ ਯੂਨੀਅਨ ਵੱਲੋਂ 25 ਅਕਤੂਬਰ ਨੂੰ ਕਾਰਪੋਰੇਟਾਂ ਦਾ ਬਾਈਕਾਟ ਕਰਦਿਆਂ ਰਿਲਾਇੰਸ ਕੰਪਨੀ ਦੇ ਮੋਬਾਈਲ ਰੀਚਾਰਜ ਅਤੇ ਫੋਨ ਵੇਚਣ ’ਤੇ ਪਾਬੰਦੀ ਲਗਾਈ ਗਈ ਸੀ। ਇਸ ਦੇ ਬਾਵਜੂਦ ਸੇਠੀ ਬੁੱਕ ਸਟੋਰ ਵੱਲੋਂ ਇਸ ਕੰਪਨੀ ਦਾ ਰੀਚਾਰਜ ਕੀਤਾ ਜਾ ਰਿਹਾ ਸੀ। ਮੋਬਾਈਲ ਯੂਨੀਅਨ ਤੇ ਮਾਲਵਾ ਯੂਥ ਕਲੱਬ ਵੱਲੋਂ ਦੁਕਾਨਦਾਰ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਪਰ ਉਸ ਵੱਲੋਂ ਰੀਚਾਰਜ ਜਾਰੀ ਰੱਖਣ ਤੋਂ ਖਫ਼ਾ ਮਾਲਵਾ ਯੂਥ ਕਲੱਬ ਨੇ ਦੁਕਾਨ ਅੱਗੇ ਧਰਨਾ ਲਗਾ ਦਿੱਤਾ ਤੇ ਮੋਬਾਈਲ ਯੂਨੀਅਨ ਵੱਲੋਂ ਵੀ ਧਰਨੇ ਦੀ ਹਮਾਇਤ ਕੀਤੀ ਗਈ। ਕਲੱਬ ਆਗੂ ਜਗਦੀਪ ਸਿੰਘ ਮਾਨੀ ਸਿੰਘ ਵਾਲਾ ਤੇ ਮੋਬਾਈਲ ਯੂਨੀਅਨ ਆਗੂ ਲਵਦੀਪ ਨਿੱਕੂ ਨੇ ਆਖਿਆ ਕਿ ਦੁਕਾਨਦਾਰ ਵੱਲੋਂ ਇਸ ਕੰਪਨੀ ਦਾ ਰੀਚਾਰਜ ਜਾਰੀ ਰੱਖਣ ਤਕ ਧਰਨਾ ਜਾਰੀ ਰਹੇਗਾ।