ਖੇਤਰੀ ਪ੍ਰਤੀਨਿਧ
ਬਰਨਾਲਾ, 6 ਸਤੰਬਰ
ਭਾਰਤੀ ਕਮਿਊਨਿਸਟ ਪਾਰਟੀ ਦਾ ਇੱਥੇ ਬਾਬਾ ਅਰਜਣ ਸਿੰਘ ਭਦੌੜ ਯਾਦਗਰੀ ਭਵਨ ਵਿੱਚ ਕਾ. ਸਰਬਜੀਤ ਕੌਰ ਰੂੜੇਕੇ ਤੇ ਪਰਮਜੀਤ ਸਿੰਘ ਗਾਬੀ ਦੀ ਅਗਵਾਈ ਹੇਠ ਜ਼ਿਲ੍ਹਾ ਇਜਲਾਸ ਸਮਾਪਤ ਹੋਇਆ। ਸੂਬਾਈ ਆਗੂ ਕਾ. ਕਸ਼ਮੀਰ ਸਿੰਘ ਗੁਦਾਈਂ ਸੂਬਾ ਕਮੇਟੀ ਵੱਲੋਂ ਨਿਗਰਾਨ ਵਜੋਂ ਸ਼ਾਮਲ ਹੋਏ। ਪਿਛਲੀ ਕਾਰਜਕਾਰੀ ਚਰਚਾ ਉਪਰੰਤ ਹੋਈ ਚੋਣ ਦੌਰਾਨ ਕਾ. ਖੁਸ਼ੀਆ ਸਿੰਘ ਬਰਨਾਲਾ ਡੈਲੀਗੇਟਸ ਦੇ ਪੂਰਨ ਸਮਰਥਨ ਨਾਲ ਪਾਰਟੀ ਦੇ ਜ਼ਿਲ੍ਹਾ ਸਕੱਤਰ ਚੁਣੇ ਗਏ। ਇਸੇ ਤਰ੍ਹਾਂ ਜੁਗਰਾਜ ਸਿੰਘ ਰਾਮਾ ਤੇ ਬਵਨ ਸਿੰਘ ਖ਼ਿਆਲੀ ਮੀਤ ਸਕੱਤਰ ਸਮੇਤ 19 ਮੈਂਬਰੀ ਜ਼ਿਲ੍ਹਾ ਕੌਂਸਲ ਚੁਣੀ ਗਈ। ਆਗਾਮੀ ਸੂਬਾ ਕਮੇਟੀ ਚੋਣ ਹਿਤ 3 ਡੈਲੀਗੇਟ ਵੀ ਚੁਣੇ। ਦੱਸਣਯੋਗ ਹੈ ਕਿ ਪਿਛਲੇ ਕਰੀਬ 25 ਸਾਲ ਦੇ ਸਮੇਂ ਤੋਂ ਵੱਧ ਕਾਲ ਤੋਂ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਦੇ ਅਹੁਦੇ ’ਤੇ ਉਜ਼ਾਗਰ ਸਿੰਘ ਬੀਹਲਾ ਕਾਬਜ਼ ਸਨ। ਨਵੀਂ ਚੁਣੀ ਟੀਮ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਪਾਰਟੀ ਨੂੰ ਪਿੰਡ ਪੱਧਰ ਤੱਕ ਲਾਮਬੰਦ ਕਰ ਕੇ ਇੱਕਜੁਟਤਾ ਤੇ ਇਮਾਨਦਾਰੀ ਨਾਲ ਅਸਲ ਮੁੱਦੇ ਮਹਿੰਗਾਈ, ਬੇਰੁਜ਼ਗਾਰੀ, ਭੁੱਖ਼ਮਰੀ ਤੇ ਤੇਲ-ਗੈਸ ਕੀਮਤਾਂ ਖਿਲਾਫ਼ ਤੇ ਲੋਕ ਹੱਕਾਂ ’ਚ ਨਿੱਤਰਨ ਦਾ ਅਹਿਦ ਕੀਤਾ।