ਮਨੋਜ ਸ਼ਰਮਾ
ਗੋਨਿਆਨਾ ਮੰਡੀ, 29 ਸਤੰਬਰ
ਹਲਕਾ ਭੁੱਚੋ ਅਧੀਨ ਪੈਂਦੀ ਗੋਨਿਆਣਾ ਮੰਡੀ ਦੀ ਮਿਉਂਸਿਪਲ ਕਮੇਟੀ ’ਤੇ ਆਖ਼ਰ ਆਮ ਆਦਮੀ ਪਾਰਟੀ ਨੇ ਕਬਜ਼ਾ ਕਰਕੇ ਕੌਂਸਲਰ ਕਸ਼ਮੀਰੀ ਲਾਲ ਨੂੰ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਹਲਕਾ ਵਿਧਾਇਕ ਨੇ ਚੋਣਾਂ ਮੌਕੇ ਕਾਂਗਰਸ ਛੱਡ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕਸ਼ਮੀਰੀ ਲਾਲ ਨੂੰ ਮਾਣ ਬਖ਼ਸ਼ਿਆ ਹੈ। ਜ਼ਿਕਰਯੋਗ ਹੈ ਕਿ ਤਤਕਾਲੀ ਕਾਂਗਰਸ ਸਰਕਾਰ ਦੌਰਾਨ 13 ਕੌਂਸਲਰਾਂ ਵਾਲੀ ਇਸ ਨਗਰ ਕੌਂਸਲ ’ਤੇ ਕਾਂਗਰਸ ਦਾ ਕਬਜ਼ਾ ਸੀ ਅਤੇ ਜਿਸ ਦੇ ਪ੍ਰਧਾਨ ਮਨਮੋਹਨ ਸਿੰਘ ਧਿੰਗੜਾ ਬਣੇ ਸਨ। ਪਰ ਸੱਤਾ ਪਰਿਵਰਤਨ ਹੁੰਦਿਆਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਮੰਡੀ ਦੇ ਕਸ਼ਮੀਰੀ ਲਾਲ ਸਮੇਤ ਕੁਝ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਮੰਡੀ ਵਿੱਚ ਚੱਲ ਰਹੀ ਲਗਾਤਾਰ 5 ਮਹੀਨਿਆਂ ਤੋਂ ਪ੍ਰਧਾਨਗੀ ਲਈ ਚਲ ਰਹੇ ਕਸ਼ਮਕਸ਼ ਵਾਲੇ ਦੌਰ ਵਿੱਚ ਇੱਕ ਵਾਰ ਪਹਿਲਾਂ ਵੀ ਕਸ਼ਮੀਰੀ ਲਾਲ ਗਰੁੱਪ ਪ੍ਰਧਾਨ ਮਨਮੋਹਨ ਸਿੰਘ ਧਿੰਗੜਾ ਦੇ ਦਫਤਰ ਦੀ ਨੇਮ ਪਲੇਟ ਉਤਾਰ ਕੇ ਉਸ ਦੀ ਕੁਰਸੀ ’ਤੇ ਕਾਬਜ਼ ਹੋ ਗਏ ਸਨ ਪਰ ਉਸ ਸਮੇਂ ਕਸ਼ਮੀਰੀ ਲਾਲ ਕੋਲ ਭਰੋਸੇ ਦਾ ਵੋਟ ਘੱਟ ਹੋਣ ਕਾਰਨ ਪ੍ਰਧਾਨਗੀ ਵਾਲਾ ਤਾਜ ਨਹੀਂ ਸਜ ਸਕਿਆ ਸੀ। ਅੱਜ ਇਸ ਪ੍ਰਧਾਨਗੀ ਦੀ ਚੋਣ ਤੇ ਵਿਰੋਧੀ ਧਿਰ ਵਿੱਚ ਘਮਸਾਣ ਮੱਚਿਆ ਹੋਇਆ ਹੈ। ਵਿਰੋਧੀ ਧਿਰ ਹਲਕਾ ਵਿਧਾਇਕ ਵੱਲੋਂ ਧੱਕੇਸ਼ਾਹੀ ਕਰਕੇ ਕਸ਼ਮੀਰੀ ਲਾਲ ਨੂੰ ਕੁਰਸੀ ’ਤੇ ਕਾਬਜ਼ ਕਰਵਾਉਣ ਦੇ ਦੋਸ਼ ਵੀ ਲਗਾ ਰਹੀ ਹੈ। ਜ਼ਿਕਰਯੋਗ ਹੈ ਕਿ ਅੱਜ ਦੀ ਚੋਣ ਮੌਕੇ ਨਗਰ ਕੌਂਸਲਰ ਦਫ਼ਤਰ ਕਸ਼ਮੀਰੀ ਲਾਲ ਧੜੇ ਨਾਲ ਸਬੰਧਤ ਛੇ ਕੌਂਸਲਰ ਮੌਜੂਦ ਰਹੇ ਜਿਨ੍ਹਾਂ ਵਿੱਚ ਕਸ਼ਮੀਰੀ ਲਾਲ, ਮਨੋਜ ਮੁੰਨਾ, ਰੇਖਾ ਰਾਣੀ, ਕਮਲਾ ਦੇਵੀ, ਮੰਜੂ ਜੈਨ, ਵੀਰਪਾਲ ਕੌਰ ਜਦੋਂ ਕਿ ਵਿਰੋਧੀ ਧਿਰ ਨਾਲ ਸਬੰਧਤ ਸੱਤ ਕੌਂਸਲਰ ਤਾਰਾ ਚੰਦ ਮਨਦੀਪ ਮੱਕੜ, ਸੁਰਜੀਤ ਸਿੰਘ, ਜਲੰਧਰ ਸਿੰਘ, ਮੋਨਿਕਾ ਗਰਗ, ਸਪਨਾ ਰਾਣੀ ਅਤੇ ਸਾਬਕਾ ਪ੍ਰਧਾਨ ਮਨਮੋਹਨ ਧਿੰਗੜਾ ਵਿਦੇਸ਼ ਵਿੱਚ ਹੋਣ ਕਾਰਨ ਗ਼ੈਰਹਾਜ਼ਰ ਰਹੇ। ਸੂਤਰਾਂ ਨੇ ਦੱਸਿਆ ਕਿ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਆਪਣਾ ਵੋਟ ਕਸ਼ਮੀਰੀ ਧੜੇ ਨੂੰ ਦਿੱਤਾ। ਅੱਜ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਸ਼ਮੀਰੀ ਲਾਲ ਨੂੰ ਪ੍ਰਧਾਨ ਮਨੋਜ ਮੁੰਨਾ ਸੀਨੀਅਰ ਮੀਤ ਪ੍ਰਧਾਨ ਤੇ ਰੇਖਾ ਰਾਣੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ।
ਉਧਰ, ਨਵੇਂ ਚੁਣੇ ਗਏ ਪ੍ਰਧਾਨ ਕਸ਼ਮੀਰੀ ਲਾਲ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਚੋਣ ਨੂੰ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਦੀ ਨਿਗਰਾਨੀ ਹੇਠ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ਹੈ ਕੋਈ ਧੱਕਾ ਨਹੀਂ ਕੀਤਾ ਗਿਆ। ਉਨ੍ਹਾਂ ਆਪਣੀ ਪ੍ਰਧਾਨਗੀ ਵਾਲੀ ਕੁਰਸੀ ’ਤੇ ਕਾਬਜ਼ ਹੋਣ ਤੋਂ ਬਾਅਦ ਹਲਕਾ ਵਿਧਾਇਕ ਦਾ ਸ਼ੁਕਰਾਨਾ ਵੀ ਕੀਤਾ ਤੇ ਕਿਹਾ ਕਿ ਮੰਡੀ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਮੁੜ ਤੋਂ ਲੀਹ ’ਤੇ ਲੈ ਕੇ ਆਉਣਗੇ। ਦੂਜੇ ਪਾਸੇ ਵਿਰੋਧੀ ਧਿਰ ਨਾਲ ਸਬੰਧਤ ਐਮ. ਸੀ ਤਾਰਾ ਚੰਦ ਨੇ ਕਿਹਾ ਕਿ 13 ਕੌਂਸਲਰਾਂ ਵਿੱਚੋਂ 7 ਕੌਂਸਲਰ ਮੀਟਿੰਗ ਦੌਰਾਨ ਗੈਰ ਹਾਜ਼ਰ ਰਹੇ ਪਰ ਹਲਕਾ ਵਿਧਾਇਕ ਨੇ ਕਸ਼ਮੀਰੀ ਲਾਲ ਨੂੰ ਧੱਕੇ ਨਾਲ ਪ੍ਰਧਾਨ ਬਣਾ ਦਿੱਤਾ ਉਹ ਇਸ ਚੋਣ ਖਿਲਾਫ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਇਸ ਸਬੰਧੀ ਹਲਕਾ ਵਿਧਾਇਕ ਮਾਸਟਰ ਜਗਸ਼ੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਨਗਰ ਕੌਸਲ ਗੋਨਿਆਣਾ ਦੀ ਚੋਣ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀ ਗਈ ਹੈ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਗਿਆ।