ਪੱਤਰ ਪ੍ਰੇਰਕ
ਮਾਨਸਾ, 13 ਅਕਤੂਬਰ
ਪੰਜਾਬ ਵਿੱਚ ਆਰਥਿਕ ਮੰਦਵਾੜੇ ਦੇ ਬਾਵਜੂਦ ਮਾਲਵਾ ਖੇਤਰ ਵਿੱਚ ਦਾ ਤਿਉਹਾਰ ਮਨਾਇਆ ਗਿਆ। ਨਵ-ਵਿਆਹੀਆਂ ਅਤੇ ਮਹਿਲਾਵਾਂ ਵੱਲੋਂ ਵੱਡੇ ਪੱਧਰ ’ਤੇ ਕਰਵਾ ਚੌਥ ਪਤੀ ਦੀ ਲੰਬੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਿਆ ਗਿਆ। ਇਸ ਸਬੰਧੀ ਸੁਹਾਗਣਾਂ ਵੱਲੋਂ ਕਈ ਦਿਨਾਂ ਤੋਂ ਖ਼ਰੀਦਦਾਰੀ ਕੀਤੀ ਜਾ ਰਹੀ ਸੀ, ਜਿਸ ਦੇ ਚੱਲਦਿਆਂ ਚੁੂੜੀਆਂ, ਮਹਿੰਦੀ ਅਤੇ ਮਿਠਾਈ ਦੀਆਂ ਦੁਕਾਨਾਂ ’ਤੇ ਖੂਬ ਚਹਿਲ ਪਹਿਲ ਰਹੀ।
ਮਾਨਸਾ ਸ਼ਹਿਰ ਦੇ ਚੂੜੀ ਵਿਕੇਰਤਾ ਤਰਸੇਮ ਚੰਦ, ਰਤਨ ਲਾਲ, ਰਾਮਾ ਬਾਂਸਲ ਦਾ ਕਹਿਣਾ ਹੈ ਕਿ ਇਸ ਵਾਰ ਸੁਹਾਗਣਾ ਵੱਲੋ ਨਵੇਂ-ਨਵੇਂ ਡਿਜ਼ਾਈਨਾਂ ਦੀਆਂ ਚੂੜੀਆਂ ਦੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ, ਜਦੋਂ ਕਿ ਇਹ ਚੁੜੀਆਂ 200 ਰੁਪਏ ਦਰਜਨ ਤੋਂ ਲੈਕੇ 500 ਰੁਪਏ ਦਰਜਨ ਤੱਕ ਵਿਕ ਰਹੀਆਂ ਹਨ, ਬਹੁਤੀਆਂ ਔਰਤਾਂ ਨੇ ਖਰੀਦਦਾਰੀ ’ਚ ਕੰਜੂਸੀ ਨਹੀਂ ਕੀਤੀ ਅਤੇ ਮਹਿੰਗੀਆਂ ਤੋਂ ਮਹਿੰਗੀਆਂ ਆਈਟਮਾਂ ਖ਼ਰੀਦਣ ਵਿੱਚ ਵਿਸ਼ਵਾਸ ਰੱਖਿਆ।
ਇਸ ਤੋਂ ਇਲਾਵਾ ਮਹਿੰਦੀ ਲਗਾਉਣ ਵਾਲਿਆਂ ਕੋਲ ਸਵੇਰੇ ਤੋਂ ਹੀ ਔਰਤਾਂ ਦੀਆਂ ਲੰਬੀਆਂ ਕਤਾਰਾਂ ਲੱਗ ਲੱਗੀਆਂ। ਭੀੜ ਨੂੰ ਦੇਖਦਿਆਂ ਮਹਿੰਦੀ ਲਗਾਉਣ ਵਾਲਿਆਂ ਨੇ ਵੀ ਲਾਹਾ ਖੱਟਿਆ ਤੇ ਰੇਟ ਵਧਾ ਦਿੱਤੇ। ਇਸ ਵਾਰ ਹੱਥਾਂ ’ਤੇ ਮਹਿੰਦੀ ਲਗਾਉਣ ਦਾ ਰੇਟ 300 ਰੁਪਏ ਕਰ ਦਿੱਤਾ ਗਿਆ ਹੈ, ਜਦੋਂ ਕਿ ਬਾਹਾਂ, ਪੈਰ, ਲੱਤਾਂ ਆਦਿ ’ਤੇ ਮਹਿੰਦੀ ਲਗਾਉਣ ਦੇ ਹਜ਼ਾਰਾਂ ਰੁਪਏ ਵਸੂਲੇ ਗਏ। ਉਧਰ ਸੁਹਾਗਣਾਂ ਵੱਲੋਂ ਵੀ ਕੀਮਤਾਂ ਦੀ ਪ੍ਰਵਾਹ ਕੀਤਿਆਂ ਮਹਿੰਦੀ ਲਗਾਉਣ ਨੂੰ ਤਰਜੀਹ ਦਿੱਤੀ ਗਈ।
ਡਿਜ਼ਾਇਨਰਲ ਸੋਨੀ ਦਾ ਕਹਿਣਾ ਹੈ ਕਿ ਇਸ ਵਾਰ ਸੁਹਾਗਣਾਂ ਵੱਲੋ ਪੂਜਾ ਸਮੱਗਰੀ ਵਾਲੇ ਸਾਮਾਨ ’ਤੇ ਆਪਣੇ ਪਤੀਆਂ ਦੀ ਫੋਟੋਆਂ ਛਪਵਾਈਆਂ ਜਾ ਰਹੀਆਂ ਹਨ, ਜਿਸ ਦੀ ਕਿ ਪੂਰੇ ਸੈੱਟ ਦੀ ਕੀਮਤ ਇੱਕ ਹਜ਼ਾਰ ਰੁਪਏ ਹੈ ਅਤੇ ਖਰੀਦਦਾਰੀ ਕਰਨ ਲਈ ਧੜੱਲੇ ਨਾਲ ਆਰਡਰ ਬੁੱਕ ਹੋ ਰਹੇ ਹਨ। ਸ਼ਹਿਰ ਦੇ ਕਈ ਹੋਟਲਾਂ ਵਿੱਚ ਵਿਸ਼ੇਸ਼ ਕਰੂਆ ਤਿਉਹਾਰ ਬਣਾਉਣ ਦੇ ਬੰਦੋਬਸਤ ਕੀਤੇ ਹੋਏ ਸਨ।