ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਜੁਲਾਈ
ਧਰਤੀ ਹੇਠਲੇ ਪਾਣੀ ਦੇ ਦਿਨ ਪ੍ਰਤੀ ਦਿਨ ਡਿੱਗ ਰਹੇ ਪੱਧਰ ਕਾਰਨ ਕਿਸਾਨਾਂ ਦਾ ਫੁਹਾਰਾ ਸਿੰਜਾਈ (ਰੇਨ ਗੰਨ) ਤਕਨੀਕ ਵੱਲ ਝੁਕਾਅ ਵਧ ਗਿਆ ਹੈ। ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਅਤੇ ਖੇਤੀ ਸਕੱਤਰ ਕਾਹਨ ਸਿੰਘ ਪੰਨੂ ਨੇ ਇੱਥੇ ਫੁਹਾਰਾ ਸਿੰਜਾਈ ਦਾ ਨਿਰੀਖਣ ਕਰਦਿਆਂ ਕਿਹਾ ਕਿ ਫੁਹਾਰਾ ਸਿੰਜਾਈ ਪ੍ਰਣਾਲੀ ਦੇ ਸਫ਼ਲ ਤਜ਼ਰਬੇ ਕੀਤੇ ਗਏ ਹਨ, ਜਿਸ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਹੁਤੇ ਕਿਸਾਨਾਂ ਨੇ ਇਹ ਤਕਨੀਕ ਅਪਣਾ ਲਈ ਹੈ। ਉਨ੍ਹਾਂ ਕਿਹਾ ਕਿ ਫੁਆਰਾ ਸਿਸਟਮ ਨਾਲ ਜ਼ਮੀਨ ਹੇਠਲੇ ਪਾਣੀ ਦੀ ਵੱਡੀ ਪੱਧਰ ‘ਤੇ ਬੱਚਤ ਹੋ ਰਹੀ ਹੈ ਅਤੇ ਜਿਆਦਾ ਪਾਣੀ ਆਉਣ ਨਾਲ ਫਸਲਾਂ ਦਾ ਨੁਕਸਾਨ ਵੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਜ਼ਰਾਈਲ ਦੇਸ਼ ਇਸ ਤਕਨੀਕ ਨੂੰ ਅਪਣਾ ਕੇ ਪਾਣੀ ਦੀ ਬੱਚਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਤੀਜੇ ਹਿਸੇ ਤੋਂ ਵੱਧ ਬਲਾਕ ਬਿਲਕੁਲ ਡਾਰਕ ਜ਼ੋਨ ਅੰਦਰ ਆ ਚੁੱਕੇ ਹਨ। ਜੇਕਰ ਇਹੀ ਹਾਲ ਰਿਹਾ ਤਾਂ ਅਗਲੇ ਸਾਲਾਂ ਅੰਦਰ ਸੂਬਾ ਮਾਰੂਥਲ ਬਣ ਜਾਵੇਗਾ। ਇਸ ਲਈ ਪਾਣੀ ਦੀ ਸੰਭਾਲ ਹੁਣ ਤੋਂ ਹੀ ਜ਼ਰੂਰੀ ਹੈ। ਉਨ੍ਹਾਂ ਕਿਸਾਨਾਂ ਨੂੰ ਇਸ ਸਕੀਮ ਦਾ ਲਾਹਾ ਲੈਣ ਦੀ ਅਪੀਲ ਕੀਤੀ। ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਫੁਹਾਰਾ ਸਿੰਜਾਈ ਪ੍ਰਣਾਲੀ ਨਾਲ ਸਿਰਫ਼ ਪਾਣੀ ਦੀ ਬੱਚਤ ਹੀ ਨਹੀਂ ਸਗੋਂ ਬਿਜਲੀ ਦੀ ਵੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਹਾਈਪਾਵਰ ਰੇਨ ਗੰਨ ਪਾਈਲੈੱਟ ਪ੍ਰੋਜੈਕਟ ਡੀਐੱਸਆਰ ਤਕਨੀਕ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।