ਰਮਨਦੀਪ ਸਿੰਘ
ਚਾਉਕੇ, 21 ਫਰਵਰੀ
ਪੰਜਾਬ ਵਿੱਚ 20 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਪਿੰਡ ਜੇਠੂਕੇ ਤੇ ਜਿਓਦ ਵਾਸੀਆਂ ਨੇ ਭਾਈਵਾਲਤਾ ਨੂੰ ਬਰਕਰਾਰ ਰੱਖਦਿਆਂ ਚੋਣਾਂ ਵਾਲੀ ਜਗਾ ਕੋਲ ਨਾ ਹੀ ਪੋਲਿੰਗ ਬੂਥ ਲਗਾਇਆ ਗਿਆ ਤੇ ਨਾ ਹੀ ਕੋਈ ਬੈਨਰ ਤੇ ਝੰਡੀ ਲਗਾਈ। ਚੋਣਾਂ ਵਿੱਚ ਜਿੱਥੇ ਵੋਟਾਂ ਦੀ ਸਿਆਸਤ ਨੇ ਘਰਾਂ ’ਚ ਫੁੱਟ ਪਵਾ ਦਿੱਤੀ ਹੈ ਉੱਥੇ ਹੀ ਪਿੰਡ ਜੇਠੂਕੇ ਤੇ ਜਿਓਦ ਵਾਲਿਆਂ ਦੀ ਸਿਆਣਪ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇੱਕ ਤੰਬੂ ਹੇਠ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ਇਸ ਦੀ ਚਰਚਾ ਪਿੰਡਾਂ ਵਿੱਚ ਹੋ ਰਹੀ ਹੈ। ਪਿੰਡ ਜੇਠੂਕੇ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ’ਚ ਕੀਤੇ ਗਏ ਫ਼ੈਸਲੇ ਅਨੁਸਾਰ ਚੋਣਾਂ ਵਾਲੇ ਦਿਨ ਨਾ ਤਾਂ ਕਿਸੇ ਵੀ ਪਾਰਟੀ ਦਾ ਪੋਲਿੰਗ ਬੂਥ ਲੱਗਾ ਤੇ ਨਾ ਹੀ ਵੋਟਰ ਲਿਆਉਣ ਲਈ ਪਾਰਟੀ ਦੇ ਸਾਧਨਾਂ ਦੀ ਵਰਤੋਂ ਕੀਤੀ। ਪਿੰਡ ਵਾਸੀ ਆਪਸੀ ਸਾਂਝ ਨੂੰ ਬਰਕਰਾਰ ਰੱਖਦਿਆਂ ਘਰਾਂ ’ਚੋਂ ਇਕੱਠੇ ਹੋ ਕੇ ਵੋਟਾਂ ਪਾਉਣ ਲਈ ਆਏ, ਪੋਲਿੰਗ ਪਾਰਟੀਆਂ ਦੇ ਲੰਗਰ ਦਾ ਪ੍ਰਬੰਧ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਗਿਆ। ਇਸ ਮੌਕੇ ਵੋਟਰਾਂ ਨੂੰ ਨਸ਼ਾ ਜਾਂ ਹੋਰ ਲਾਲਚ ਕਿਸੇ ਵੀ ਪਾਰਟੀ ਵੱਲੋਂ ਦੇਣ ਦੀ ਆਗਿਆ ਨਹੀਂ ਦਿੱਤੀ ਗਈ। ਪਿੰਡ ਜਿਓਦ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਕਿਸੇ ਵੀ ਪਾਰਟੀ ਨੂੰ ਕੰਧਾਂ ’ਤੇ ਪੋਸਟਰ ਨਾ ਲਗਾਉਣ ਦੀ ਤੇ ਨਾ ਹੀ ਕਿਤੇ ਪਾਰਟੀਆਂ ਦੇ ਗੁਣਗਾਨ ਕਰਨ ਲਈ ਲਾਊਡ ਸਪੀਕਰਾਂ ਵਾਲੇ ਵਾਹਨ ਚਲਾਉਣ ਦੀ ਆਗਿਆ ਦਿੱਤੀ ਗਈ। ਚੋਣਾਂ ਵਾਲੇ ਦਿਨ ਕਿਸੇ ਵੀ ਪਾਰਟੀ ਦਾ ਚੋਣਾਂ ਵਾਲੀ ਜਗਾ ਕੋਲ ਪਰਚੀਆਂ ਕੱਟਣ ਵਾਲਾ ਪੋਲਿੰਗ ਬੂਥ ਨਹੀਂ ਲੱਗਾ। ਇੱਕ ਜਗਾ ਸਾਂਝਾ ਟੈਂਟ ਲਗਾਇਆ ਗਿਆ ਜਿਸ ’ਤੇ ਕਿਸੇ ਵੀ ਪਾਰਟੀ ਦਾ ਪੋਸਟਰ ਤੇ ਝੰਡੀ ਨਹੀਂ ਲੱਗੀ ਸੀ ਅਤੇ ਸਾਰੀਆਂ ਪਾਰਟੀਆਂ ਦੇ ਆਗੂ ਇਕੱਠੇ ਸ਼ਾਂਤਮਈ ਬੈਠੇ ਸਨ। ਇਨ੍ਹਾਂ ਪਿੰਡ ਦੇ ਪਤਵੰਤਿਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਸਿਆਸੀ ਪਾਰਟੀਆਂ ਕਾਰਨ ਲੋਕਾਂ ’ਚ ਵਧ ਰਹੀ ਕੁੜੱਤਣ ਨੂੰ ਮੁਹੱਬਤ ਦੀ ਮਿਠਾਸ ਨਾਲ ਖ਼ਤਮ ਕਰ ਦੇਣਗੇ।
ਉਮੀਦਵਾਰਾਂ ਤੇ ਵਰਕਰਾਂ ਨੇ ਘਰਾਂ ਵਿੱਚ ਕੀਤਾ ਆਰਾਮ
ਭੁੱਚੋ ਮੰਡੀ (ਪੱਤਰ ਪ੍ਰੇਰਕ) ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਤੋਂ ਬਾਅਦ ਅੱਜ ਉਮੀਦਵਾਰ ਅਤੇ ਵਰਕਰ ਥਕੇਵਾਂ ਲਾਹੁਣ ਲਈ ਘਰਾਂ ਵਿੱਚ ਆਰਾਮ ਫਰਮਾਉਂਦੇ ਰਹੇ। ਇਸ ਦੇ ਬਾਵਜੂਦ ਉਨ੍ਹਾਂ ਦੇ ਦਿਮਾਗ ਵਿੱਚ ਨਤੀਜਿਆਂ ਨੂੰ ਜਾਣਨ ਦੀ ਤਾਂਘ ਹੈ। ਉਹ ਬੇਸਬਰੀ ਨਾਲ 10 ਮਾਰਚ ਦਾ ਦਿਨ ਉਡੀਕ ਰਹੇ ਹਨ। ‘ਆਪ’ ਦੇ ਆਗੂ ਸਰਬਜੀਤ ਸਿੰਘ ਮਾਹਲ ਅਤੇ ਰਿੰਕੂ ਸ਼ਰਮਾ ਨੇ ਕਿਹਾ ਕਿ ਭਾਵੇਂ ਚੋਣਾਂ ਵਿੱਚ ਹਲਕੇ ਦੇ ਵੋਟਰਾਂ ਨੇ ਭਰਵਾਂ ਸਹਿਯੋਗ ਦਿੱਤਾ ਹੈ, ਪਰ ਫਿਰ ਵੀ ਨਤੀਜੇ ਆਉਣ ਤੱਕ ਚਿੰਤਾ ਜ਼ਰੂਰ ਬਣੀ ਰਹੇਗੀ। ਉਨ੍ਹਾਂ ਦੱਸਿਆ ਕਿ ਥੱਕੇ ਟੁੱਟੇ ਪਾਰਟੀ ਵਰਕਰ ਆਰਾਮ ਕਰਕੇ ਆਪਣਾ ਥਕੇਵਾਂ ਲਾਹ ਰਹੇ ਹਨ।