ਪੱਤਰ ਪ੍ਰੇਰਕ
ਬਾਘਾ ਪੁਰਾਣਾ, 7 ਅਕਤੂਬਰ
ਸਾਹਿਤ ਸਭਾ ਬਾਘਾ ਪੁਰਾਣਾ ਨੇ ਕਾਮਰੇਡ ਜੋਗਿੰਦਰ ਸਿੰਘ ਨਾਹਰ ਦੀਆਂ ਰਚਨਾਵਾਂ ਦੀ ਪੁਸਤਕ ‘ਮੁੜ੍ਹਕੇ ਦੇ ਮੋਤੀ’ ਨੂੰ ਇੱਥੇ ਸਭਾ ਦੇ ਮਾਸਿਕ ਸਾਹਿਤਕ ਪ੍ਰੋਗਰਾਮ ਦੌਰਾਨ ਲੋਕ ਅਰਪਣ ਕੀਤਾ। ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਅਤੇ ਸਕੱਤਰ ਹਰਵਿੰਦਰ ਰੋਡੇ ਨੇ ਕਿਹਾ ਕਿ ਕਾਮਰੇਡ ਨਾਹਰ ਨੇ ਆਪਣੇ 75 ਸਾਲਾਂ ਦੀ ਜ਼ਿੰਦਗੀ ’ਚੋਂ 60 ਸਾਲ ਕਿਰਤੀਆਂ ਦੀ ਲੁੱਟ ਖ਼ਿਲਾਫ਼ ਜੱਦੋ-ਜਹਿਦ ਕਰਦੇ ਰਹੇ, ਪਰ ਉਸ ਦੀ ਖੁਦ ਦੀ ਹਾਲਤ ਅੱਜ ਆਰਥਿਕ ਪੱਖੋਂ ਤਰਸਯੋਗ ਬਣੀ ਹੋਈ ਹੈ। ਕਾਮਰੇਡ ਨਾਹਰ ਨੇ ਦੱਸਿਆ ਕਿ ਉਸ ਕੋਲ ਉਸ ਦੀਆਂ ਰਚਨਾਵਾਂ ਦੀ ਕੋਈ ਵੀ ਲਿਖਤ ਮੌਜੂਦ ਨਹੀਂ ਸੀ, ਪਰ ਸਾਹਿਤ ਸਭਾ ਬਾਘਾ ਪੁਰਾਣਾ ਦੇ ਪ੍ਰਧਾਨ ਸਕੱਤਰ ਅਤੇ ਹੋਰਨਾਂ ਅਹੁਦੇਦਾਰਾਂ ਨੇ ਉਸ ਤੋਂ ਗੀਤ ਸੁਣ ਕੇ ਸਭਨਾਂ ਨੂੰ ਰਚਨਾਵਾਂ ਨੂੰ ਅੱਖਰਬੱਧ ਕਰ ਕੇ ਕਿਤਾਬੀ ਰੂਪ ਦਿੱਤਾ। ਇਸ ਮੌਕੇ ਕਾਮਰੇਡ ਨਾਹਰ ਦੇ ਪੁਰਾਣੇ ਸਾਥੀ ਗੁਰਬਖਸ਼ ਸਿੰਘ ਸ਼ਕੂਰ, ਤੇਜਾ ਸਿੰਘ ਸ਼ੌਂਕੀ, ਬਲਵਿੰਦਰ ਸਿੰਘ ਔਲਖ, ਹਰਦੇਵ ਸਿੰਘ ਸ਼ਕੂਰ, ਜਸਵੀਰ ਭਲੂਰੀਆ, ਮਾਸਟਰ ਬਿੱਕਰ ਸਿੰਘ, ਰਘਬੀਰ ਸਿੰਘ ਲੰਗੇਆਣਾ ਅਤੇ ਨੈਬ ਸਿੰਘ ਰੋਡੇ ਵੀ ਮੌਜੂਦ ਸਨ।