ਰਾਜਿੰਦਰ ਵਰਮਾ
ਭਦੌੜ, 2 ਸਤੰਬਰ
ਪਿੰਡ ਨੈਣੇਵਾਲ ਦੇ ਰਿਹਾਇਸ਼ੀ ਮਕਾਨ ਦੇ ਚੱਲ ਰਹੇ ਵਿਵਾਦ ਵਿਚ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਬੂਟਾ ਸਿੰਘ ਨੈਣੇਵਾਲ ਹੱਕ ਵਿਚ ਆਪਣਾ ਫ਼ਤਵਾ ਦਿੰਦੇ ਹੋਏ ਪ੍ਰਸਾਸ਼ਨ ਦੀ ਹਾਜ਼ਰੀ ਵਿਚ ਹੋਏ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਤਿੰਨ ਕੋਨੀ ਭਦੌੜ ਉੱਪਰ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਧਰਨੇ ਨੂੰ ਲਬਿਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਸਿੰਘ, ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਨਿੱਕਾ ਸਿੰਘ, ਸਾਬਕਾ ਕੌਂਸਲਰ ਪਰਮਜੀਤ ਸਿੰਘ ਸੇਖੋਂ, ਸਾਬਕਾ ਸਰਪੰਚ ਗੁਰਸੇਵਕ ਸਿੰਘ ਨੈਣੇਵਾਲ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਭਦੌੜ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਗ਼ਰੀਬਾਂ ਦੀ ਮਸੀਹਾ ਅਖਵਾਉਣ ਵਾਲੀ ਸਰਕਾਰ ਦੇ ਰਾਜ ਅੰਦਰ ਮਜ਼ਦੂਰ ਵਰਗ ਨਾਲ ਧੱਕਾ ਹੋ ਰਿਹਾ ਹੈ। ਪ੍ਰਸ਼ਾਸਨ ਤਾਂ ਕੀ ਸਰਕਾਰ ਦੇ ਕਿਸੇ ਅਧਿਕਾਰੀ ਨੇ ਪਰਿਵਾਰ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਦੁੱਖ ਦੀ ਗੱਲ ਕੀ ਹੋ ਸਕਦੀ ਹੈ ਕਿ ਡੀਐੱਸਪੀ ਤਪਾ, ਤਹਿਸੀਲਦਾਰ ਭਦੌੜ, ਐੱਸਐੱਚਓ ਭਦੌੜ ਦੀ ਹਾਜ਼ਰੀ ਵਿਚ ਬੂਟਾ ਸਿੰਘ ਦੇ ਰਿਹਾਇਸ਼ੀ ਮਕਾਨ ਨੂੰ ਲੈ ਕੇ ਹੋਏ ਸਮਝੌਤੇ ਉੱਪਰ ਦੂਜੀ ਧਿਰ ਸਮਝੌਤੇ ਤੋਂ ਸਾਫ਼ ਹੀ ਮੁਕਰ ਚੁੱਕੀ ਹੈ। ਪ੍ਰਸ਼ਾਸਨ ਨੇ ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੋਈ ਪਹਿਲਕਦਮੀ ਨਹੀਂ ਕੀਤੀ, ਉਸੇ ਦਿਨ ਤੋਂ ਹੀ ਵੱਖ-ਵੱਖ ਇਨਸਾਫ਼ਪਸੰਦ ਜਥੇਬੰਦੀਆਂ ਮਜ਼ਦੂਰ ਬੂਟਾ ਸਿੰਘ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰ ਹੀਆਂ ਹਨ। ਜੇ ਪ੍ਰਸ਼ਾਸਨ ਨੇ ਹੁਣ ਵੀ ਇਸ ਮਸਲੇ ਨੂੰ ਕੋਈ ਗ਼ੌਰ ਨਾ ਕੀਤੀ ਤਾਂ ਇਸ ਸੰਘਰਸ਼ ਨੂੰ ਸਮਝੌਤਾ ਲਾਗੂ ਨਾ ਹੋਣ ਤੱਕ ਜਾਰੀ ਰੱਖਿਆ ਜਾਵੇਗਾ।