ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 23 ਜਨਵਰੀ
ਜਲਾਲਾਬਾਦ ਹਲਕੇ ਤੋਂ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਐਲਾਨ ਕੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ, ਉੱਥੇ ਹੀ ਹਲਕੇ ਤੋਂ ਕਾਂਗਰਸ ਪਾਰਟੀ ਆਪਣਾ ਉਮੀਦਵਾਰ ਨਾ ਐਲਾਨੇ ਜਾਣ ਕਾਰਨ ਚੋਣ ਪ੍ਰਚਾਰ ’ਚ ਪਛੜਦੀ ਨਜ਼ਰ ਆ ਰਹੀ ਹੈ। ਜਾਣਕਾਰੀ ਅਨੁਸਾਰ 2019 ਦੀਆਂ ਜ਼ਿਮਨੀ ਚੋਣਾਂ ’ਚ ਕਾਂਗਰਸ ਪਾਰਟੀ ਵਲੋਂ ਰਮਿੰਦਰ ਆਵਲਾ ਵਿਧਾਇਕ ਬਣੇ ਸਨ ਅਤੇ ਲੋਕਾਂ ਨੂੰ ਲੱਗਦਾ ਸੀ ਕਿ ਰਮਿੰਦਰ ਆਵਲਾ 2022 ਦੀਆਂ ਚੋਣਾਂ ’ਚ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਚੋਣ ਲੜਨਗੇ ਅਤੇ ਦੋਹਾਂ ਵਿਚਾਲੇ ਕਰੜੀ ਟੱਕਰ ਹੋਵੇਗੀ। ਪਰ 2022 ਦੀਆਂ ਚੋਣਾਂ ਦੌਰਾਨ ਵਿਧਾਇਕ ਰਮਿੰਦਰ ਆਵਲਾ ਦਾ ਝੁਕਾਅ ਆਪਣੇ ਨਿੱਜੀ ਹਲਕੇ ਗੁਰੂਹਰਸਹਾਏ ਵੱਲ ਹੋ ਗਿਆ ਅਤੇ ਜਲਾਲਾਬਾਦ ਦੇ ਵਰਕਰ ਨਿਰਾਸ਼ ਹਨ। ਮੌਜੂਦਾ ਸਮੇਂ ਵਿੱਚ ਹਲਕੇ ਦੇ ਕਾਂਗਰਸੀ ਵਰਕਰ ਖਾਮੋਸ਼ ਬੈਠੇ ਹਨ ਅਤੇ ਕਹਿ ਰਹੇ ਹਨ ਕਿ ਕਾਂਗਰਸ ਪਾਰਟੀ ਨੇ ਜੇਕਰ ਜਲਾਲਾਬਾਦ ਹਲਕੇ ’ਚ ਆਪਣੀ ਹੋਂਦ ਬਚਾਉਣੀ ਹੈ ਤਾਂ ਉਮੀਦਵਾਰ ਦਾ ਐਲਾਨ ਛੇਤੀ ਕਰ ਦੇਣਾ ਚਾਹੀਦਾ ਹੈ। ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ, ‘ਆਪ’ ਵਲੋਂ ਗੋਲਡੀ ਕੰਬੋਜ, ਭਾਜਪਾ ਵਲੋਂ ਪੂਰਨ ਚੰਦ ਮੂਜੈਦੀਆ ਅਤੇ ਸੰਯੁਕਤ ਸਮਾਜ ਮੋਰਚੇ ਵਲੋਂ ਸੁਰਿੰਦਰ ਢੰਡੀਆਂ ਚੋਣ ਮੈਦਾਨ ’ਚ ਹਨ।