ਨਿੱਜੀ ਪੱਤਰ ਪ੍ਰੇਰਕ
ਮਲੋਟ, 5 ਦਸੰਬਰ
ਸ਼ਹਿਰ ਵਿਖੇ ਰੇਲਵੇ ਪੁਲ ਦੇ ਹੇਠਲੇ ਪਾਸੇ ਲੱਗੇ ਲੋਹੇ ਦੇ ਭਾਰੀ ਅਤੇ ਵੱਡੇ-ਵੱਡੇ ਬਾਕੀ ਪੱਤਰੇ ਵੀ ਡਿੱਗਣ ਵਾਲੇ ਹਨ, ਜੋ ਲਗਪਗ 30 ਫੁੱਟ ਉੱਚੇ ਲਮਕ ਰਹੇ ਹਨ ਜਦਕਿ ਇਸ ਤੋਂ ਪਹਿਲਾਂ ਇਨ੍ਹਾਂ ਪਤਰਿਆਂ ’ਚੋਂ ਕੁੱਝ ਪਤਰੇ ਹੇਠਾਂ ਟੈਕਸੀ ਸਟੈਂਡ ਵਿੱਚ ਖੜ੍ਹੀਆਂ ਕਾਰਾਂ ’ਤੇ ਡਿੱਗ ਚੁੱਕੇ ਹਨ। ਟੈਕਸੀ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਦਿਊਣਖੇੜਾ, ਭਰਪਿੰਦਰ ਸਿੰਘ ਕਾਲਝਰਾਣੀ, ਵਿਜੇ ਕੁਮਾਰ ਆਦਿ ਨੇ ਦੱਸਿਆ ਕਿ ਜੇਕਰ ਇਹ ਲੋਹੇ ਦੇ ਪੱਤਰੇ ਕਾਰਾਂ ’ਤੇ ਡਿੱਗਣ ਕਰਕੇ ਡਰਾਈਵਰਾਂ ਦਾ ਮਾਲੀ ਨੁਕਸਾਨ ਤਾਂ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਇਥੇ ਪੁਲ ਦੇ ਹੇਠਾਂ ਹੀ ਮਿੰਨੀ ਬੱਸਾਂ ਦਾ ਅੱਡਾ ਹੈ, ਜਿਥੇ ਕਈ-ਕਈ ਸਵਾਰੀਆਂ ਹਰ ਵੇਲੇ ਮੌਜੂਦ ਹੁੰਦੀਆਂ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਲ ਦੇ ਹੇਠਲੇ ਪਾਸੇ ਲੱਗੇ ਲੋਹੇ ਦੇ ਟੁਕੜੇ ਜਾਂ ਤਾਂ ਚੰਗੀ ਤਰ੍ਹਾਂ ਲਗਾਏ ਜਾਣ ਤੇ ਜਾਂ ਫਿਰ ਦੂਜਿਆਂ ਵਾਂਗ ਹਟਾ ਦਿੱਤੇ ਜਾਣ ਤਾਂ ਕਿ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।