ਪੱਤਰ ਪ੍ਰੇਰਕ
ਮਾਨਸਾ, 23 ਅਕਤੂਬਰ
ਦੀਵਾਲੀ ਦੇ ਦਿਨਾਂ ਦੌਰਾਨ ਲੋਕ ਹੁਣ ਮਠਿਆਈਆਂ ਦੀ ਬਿਜਾਏ ਸੁੱਕੇ ਮੇਵੇ ਅਤੇ ਮੁਰੱਬੇ ਖਰੀਦਣ ਨੂੰ ਪਹਿਲ ਦੇਣ ਲੱਗੇ ਹਨ। ਇਨ੍ਹੀਂ ਦਿਨੀਂ ਫ਼ਲ ਰੇਹੜੀਆਂ ਦੀ ਗਿਣਤੀ ਵੀ ਬਾਜ਼ਾਰਾਂ ’ਚ ਵੱਧ ਗਈ ਹੈ। ਬਾਜ਼ਾਰ ਵਿੱਚੋਂ ਦੁਕਾਨਦਾਰਾਂ ਤੋਂ ਇਕੱਤਰ ਕੀਤੇ ਵੇਰਵਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਮਿਲਾਵਟੀ ਤੇ ਰੰਗ-ਬਿਰੰਗੀਆਂ ਮਠਿਆਈਆਂ ਤੋਂ ਲੋਕਾਂ ਦਾ ਮੁੂੰਹ ਮੁੜ ਗਿਆ ਹੈ। ਦੀਵਾਲੀ ਮੌਕੇ ਹੁਣ ਖਾਣ-ਪੀਣ ਦੀਆਂ ਵਸਤਾਂ ਦੇ ਸਵਾਦ, ਤਰੀਕਿਆਂ ਤੋਂ ਇਲਾਵਾ ਉਨ੍ਹਾਂ ਦਾ ਰੂਪ ਵੀ ਬਦਲਣ ਲੱਗਿਆ ਹੈ। ਦੀਵਾਲੀ ਮੌਕੇ ਲੋਕ ਸੁੱਕੀਆਂ ਤੇ ਨਵੀਆਂ ਵਸਤਾਂ ਦੇ ਸਵਾਦ ਚੱਖਣ ਲਈ ਖਰੀਦਦਾਰੀ ਕਰ ਰਹੇ ਹਨ। ਇਸ ਵੇਲੇ ਮਾਨਸਾ ਦੇ ਵਰਾਇਟੀ ਸਟੋਰਾਂ ਵਿੱਚ ਸੀਮਤ ਰਹਿਣ ਵਾਲੇ ਤਰ੍ਹਾਂ-ਤਰ੍ਹਾਂ ਦੇ ਮੁਰੱਬਿਆਂ ਦੀਆਂ ਵੀ ਦਰਜ਼ਨਾਂ ਆਈਟਮਾਂ ਆ ਗਈਆਂ। ਇਸ ਵੇਲੇ ਦੁਕਾਨਾਂ ’ਤੇ ਪਪੀਤਾ, ਕੀਵੀ, ਪਾਈਨ ਐਪਲ, ਕੇਲਾ, ਸੰਤਰਾ, ਅੰਬ, ਲੀਚੀ, ਸੇਬ, ਡਰਾਈਫਰੂਟ ਤੋਂ ਇਲਾਵਾ ਬੀਕਾਨੇਰੀ ਪਤੀਸਾ, ਸੋਨ ਪਾਪੜੀ, ਸਪੰਜੀ ਰਸਗੁੱਲਾ, ਗੁਲਾਬ ਜਾਮਣ ਆਦਿ ਡੱਬਾ ਬੰਦ ਮੌਜੂਦ ਹੈ। ਦੁਕਾਨਦਾਰਾਂ, ਸੱਭਿਆਚਾਰ ਤੇ ਸਮਾਜ ਸੇਵਾ ਮੰਚ ਦੇ ਕੁਲਦੀਪ ਸਿੰਘ ਧਾਲੀਵਾਲ, ਰਾਕੇਸ਼ ਕੁਮਾਰ ਗਰਗ, ਸੰਜੀਵ ਗਰਗ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਜਾਗਰੂਕਤਾ ਆਉਣ ਕਰ ਕੇ ਡੱਬਾ ਬੰਦ ਵਸਤਾਂ ਦੀ ਮੰਗ ਵਧਣ ਲੱਗੀ ਹੈ।