ਰਵਿੰਦਰ ਰਵੀ
ਬਰਨਾਲਾ 5 ਮਈ
ਪਿੰਡ ਪੰਧੇਰ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਆਈ ਰਕਮ ਦਾ ਅੰਗਰੇਜ ਕੌਰ ਪਤਨੀ ਅਮਰ ਸਿੰਘ ਦੀ ਥਾਂ ’ਤੇ ਅੰਗਰੇਜ ਕੌਰ ਪਤਨੀ ਗੋਰਾ ਸਿੰਘ ਦਾ ਮਕਾਨ ਬਣਾ ਕੇ ਦੇਣ ਦੇ ਮਾਮਲੇ ਦੀ ਅਨਸੂਚਿਤ ਜਾਤੀ ਪੰਜਾਬ ਰਾਜ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਨੇ ਪੰਚਾਇਤ ਅਤੇ ਸਬੰਧਤ ਅਧਿਕਾਰੀਆਂ ਨਾਲ ਪਿੰਡ ਪਹੁੰਚ ਕੇ ਪੜਤਾਲ ਕੀਤੀ। ਸ਼ਿਕਾਇਤਕਰਤਾ ਵੱਲੋਂ ਦਿੱਤੀ ਦਰਖਾਸਤ ਅਨੁਸਾਰ ਪਿੰਡ ਦੇ ਮੌਜੂਦਾ ਸਰਪੰਚ ਹਰਮੀਤ ਸਿੰਘ, ਸਾਬਕਾ ਸਰਪੰਚ ਦਲਜਿੰਦਰ ਸਿੰਘ ਪੱਪੂ, ਕਾਂਗਰਸੀ ਆਗੂ ਭੋਲਾ ਸਿੰਘ ਨੇ ਸ੍ਰੀ ਹੰਸ ਨੂੰ ਦੱਸਿਆ ਕਿ ਜਦੋਂ ਇਹ ਗਰਾਂਟ ਆਈ ਸੀ, ਉਸ ਮੌਕੇ ਪਿੰਡਾਂ ਦੀ ਪੰਚਾਇਤਾਂ ਭੰਗ ਹੋਈਆਂ ਸਨ ਤੇ ਪ੍ਰਸ਼ਾਸਕ ਅਧੀਨ ਹੀ ਕੰਮ ਹੋ ਰਹੇ ਸਨ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਆਈ ਗ੍ਰਾਂਟ ਦੀ ਕੋਈ ਦੁਰਵਰਤੋਂ ਨਹੀਂ ਹੋਈ। ਅੰਗਰੇਜ਼ ਕੌਰ ਨਾਂ ਦੀਆਂ ਦੋ ਔਰਤਾਂ ਦੇ ਨਾਮ ਭਿੜਨ ਕਾਰਨ ਗਲਤੀ ਨਾਲ ਇਹ ਮਕਾਨ ਇੱਕ ਅੰਗਰੇਜ਼ ਕੌਰ ਦੀ ਥਾਂ ਦੂਜੀ ਅੰਗਰੇਜ਼ ਕੌਰ ਦਾ ਪੈ ਗਿਆ। ਉਹ ਵੀ ਲੋੜਵੰਦ ਔਰਤ ਸੀ।
ਪਿੰਡ ਦੀ ਮੌਜੂਦਾ ਅਤੇ ਸਾਬਕਾ ਪੰਚਾਇਤ ਅਤੇ ਸਮੂਹ ਮੈਂਬਰਾਂ ਅਤੇ ਪਿੰਡ ਦੇ ਪਤਵੰਤੇ ਵਿਅਕਤੀਆਂ ਨੇ ਆਏ ਅਧਿਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੀ 17 ਜੂਨ ਤੱਕ ਦੂਸਰੀ ਔਰਤ ਅੰਗਰੇਜ ਕੌਰ ਪਤਨੀ ਅਮਰ ਸਿੰਘ (ਸ਼ਿਕਾਇਤਕਰਤਾ) ਦਾ ਮਕਾਨ ਵੀ ਬਣਾ ਕੇ ਦੇ ਦਿੱਤਾ ਜਾਵੇਗਾ। ਸ੍ਰੀ ਹੰਸ ਨੇ ਪੰਚਾਇਤਾਂ ਤੇ ਪਿੰਡ ਵਾਸੀਆਂ ਦੇ ਫੈਸਲੇ ਨਾਲ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜਿਸ ਦੇ ਏਡੀਸੀ ਬਰਨਾਲਾ, ਡੀਡੀਪੀਓ ਬਰਨਾਲਾ ਅਤੇ ਡੀਐੱਸਪੀ ਬਰਨਾਲਾ ਮੈਂਬਰ ਹੋਣਗੇ। ਕਮੇਟੀ 17 ਜੂਨ ਆਪਣੀ ਰਿਪੋਰਟ ਦੇਵੇਗੀ।