ਪਵਨ ਗੋਇਲ
ਭੁੱਚੋ ਮੰਡੀ, 14 ਜੁਲਾਈ
ਪਿੰਡ ਤੁੰਗਵਾਲੀ ਵਿੱਚ ਕਈ ਕਿਸਾਨਾਂ ਨੇ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਕਾਰਨ ਖਰਾਬ ਹੋ ਰਹੀ ਨਰਮੇ ਦੀ ਫਸਲ ਵਾਹ ਦਿੱਤੀ ਹੈ ਅਤੇ ਹੋਰ ਕਿਸਾਨ ਵੀ ਨਰਮਾ ਵਾਹੁਣ ਵਿੱਚ ਲੱਗੇ ਹੋਏ ਹਨ। ਕਿਸਾਨ ਨਰਮਾ ਖਰਾਬੇ ਦੇ ਡਰੋਂ ਸਮਾਂ ਰਹਿੰਦੇ ਝੋਨੇ ਦੀ ਬਿਜਾਈ ਕਰਨਾ ਚਾਹੁੰਦੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਨੇ ਅੱਜ ਖੇਤਾਂ ਵਿੱਚ ਜਾ ਕੇ ਫਸਲਾਂ ਦਾ ਜਾਇਜ਼ਾ ਲਿਆ ਅਤੇ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਅਣਦੇਖੀ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਵਿਖਾਵਾ ਕੀਤਾ। ਆਗੂਆਂ ਅਨੁਸਾਰ ਕਿਸਾਨ ਗੋਰਾ ਸਿੰਘ ਨੇ ਢਾਈ ਏਕੜ, ਕਾਕਾ ਸਿੰਘ ਵਾਲੀਆ ਨੇ ਦੋ ਏਕੜ ਅਤੇ ਬੂਟਾ ਸਿੰਘ ਜੈਦ ਨੇ ਡੇਢ ਏਕੜ ਨਰਮਾ ਵਾਹ ਦਿੱਤਾ ਹੈ।
ਇਸ ਮੌਕੇ ਪਿੰਡ ਇਕਾਈ ਦੇ ਪ੍ਰ੍ਰਧਾਨ ਸਰਬਜੀਤ ਸਿੰਘ ਜੈਦ, ਸਾਧੂ ਸਿੰਘ, ਅਵੀ ਜੈਦ, ਸੁਖਦੇਵ ਸਿੰਘ, ਬਹਾਲ ਸਿੰਘ, ਪਾਲ ਸਿੰਘ ਅਤੇ ਤਲਵਿੰਦਰ ਬੁੱਟਰ ਨੇ ਕਿਹਾ ਕਿ ਕਿਸਾਨ ਸਰਕਾਰਾਂ ਦੀਆਂ ਮਾਰੂ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ। ਕਿਸੇ ਵੀ ਸਰਕਾਰ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਭਰਪੂਰ ਬਣਾਉਣ ਲਈ ਚੰਗੇ ਬੀਜਾਂ ਅਤੇ ਕੀਟਨਾਸ਼ਕਾਂ ਦਾ ਕੋਈ ਠੋਸ ਪ੍ਰਬੰਧ ਨਹੀਂ ਕੀਤਾ। ਇਸ ਕਾਰਨ ਹੀ ਕਿਸਾਨਾਂ ਦੀ ਲਗਪਗ ਹਰ ਸਾਲ ਫਸਲ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ’ਤੇ ਚਿੱਟੇ ਮੱਛਰ ਦਾ ਹਮਲਾ ਜ਼ਿਆਦਾ ਹੈ ਅਤੇ ਗੁਲਾਬੀ ਸੁੰਡੀ ਕਾਰਨ ਟੀਂਡੇ ਖਰਾਬ ਤਾਂ ਹੋ ਰਹੇ ਹਨ, ਪਰ ਘੱਟ ਗਿਣਤੀ ਵਿੱਚ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਰਮੇ ਦਾ ਮੁਆਵਜ਼ਾ ਦਿੱਤਾ ਜਾਵੇ। ਖੇਤੀਬਾੜੀ ਵਿਭਾਗ ਦੇ ਏਡੀਓ ਡਾ: ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮਾ ਵਾਹੁਣ ਦੀ ਕਾਹਲ ਨਾ ਕਰਨ। ਇਹ ਚਿੱਟਾ ਮੱਛਰ ਚੰਗਾ ਮੀਂਹ ਪੈਣ ਤੋਂ ਬਾਅਦ ਆਪੇ ਹੀ ਮਰ ਜਾਵੇਗਾ।
ਚਾਉਕੇ ਵਿੱਚ ਕਈ ਕਿਸਾਨਾਂ ਨੇ ਮਜਬੂਰੀਵਸ ਨਰਮਾ ਵਾਹਿਆ
ਚਾਉਕੇ (ਪੱਤਰ ਪ੍ਰੇਰਕ): ਇਥੇ ਪਿੰਡ ਮੰਡੀ ਕਲਾਂ ਦੇ ਕਿਸਾਨ ਰਾਜੂ ਸਿੰਘ ਨੇ ਨਰਮੇ ਦੀ ਤਿੰਨ ਏਕੜ ਵਿਚ ਬਿਜਾਂਦ ਕੀਤੀ ਸੀ, ਨਰਮੇ ਦੀ ਫ਼ਸਲ ਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਨਰਮੇ ਦਾ ਵਾਧਾ ਰੁਕ ਗਿਆ ਇਸ ਕਰਕੇ ਉਸ ਨੂੰ ਇੱਕ ਏਕੜ ਨਰਮੇ ਦੀ ਫ਼ਸਲ ਵਾਹੁਣੀ ਪੈ ਗਈ ਹੈ। ਇਸੇ ਹੀ ਪਿੰਡ ਦੇ ਪ੍ਰਗਟ ਸਿੰਘ ਨੇ ਤਿੰਨ ਏਕੜ, ਬਲਰਾਜ ਸਿੰਘ ਨੇ ਇੱਕ ਏਕੜ ਅਤੇ ਜੂਪਾ ਸਿੰਘ ਦੇ ਡੇਢ ਏਕੜ ਫ਼ਸਲ, ਦਾਨਾ ਸਿੰਘ ਦੋ ਏਕੜ,ਮੱਖਣ ਸਿੰਘ ਗਿੱਲ ਨੇ ਡੇਢ ਏਕੜ ਨਰਮੇ ਦੀ ਫ਼ਸਲ ਵਾਹ ਦਿੱਤੀ ਹੈ। ਪਿੰਡ ਬੱਲ੍ਹੋ ਦੇ ਕਿਸਾਨ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ 70 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ਤੇ ਲੈਕੇ ਸਵਾ ਦੋ ਏਕੜ ਵਿਚ ਨਰਮੇ ਦੀ ਬਿਜਾਂਦ ਕੀਤੀ ਸੀ ਪਰ ਨਰਮੇ ਦੀ ਫ਼ਸਲ ਚਿੱਟੇ ਤੇਲੇ ਦਾ ਹਮਲਾ ਹੋ ਗਿਆ ਜਿਸ ਕਾਰਨ ਉਨ੍ਹਾਂ ਤਿੰਨ ਕੀਟਨਾਸ਼ਕ ਵੀ ਛਿੜਕੇ ਪਰ ਕੋਈ ਕੰਟ ਰੋਲ ਨਾ ਹੋਇਆਂ ਜੋ ਟੀਂਡੇ ਬਣੇ ਸਨ ਉਨ੍ਹਾਂ ਵਿਚ ਗੁਲਾਬੀ ਸੁੰਡੀ ਦਾ ਹਮਲਾ ਵੀ ਸੀ ਇਸ ਲਈ ਉਨ੍ਹਾਂ ਸਾਰੀ ਫ਼ਸਲ ਵਾਹ ਦਿੱਤੀ ਹੈ। ਇਸੇ ਪਿੰਡ ਦੇ ਜੱਗਾ ਸਿੰਘ ਅਤੇ ਦਰਬਾਰਾ ਸਿੰਘ ਨੇ ਵੀ ਨਰਮੇ ਦੀ ਨਰਮੇ ਫ਼ਸਲ ਵਾਹ ਦਿੱਤੀ ਹੈ।