ਜੋਗਿੰਦਰ ਸਿੰਘ ਮਾਨ
ਮਾਨਸਾ, 25 ਅਕਤੂਬਰ
ਮਾਲਵਾ ਪੱਟੀ ਵਿਚ ਬਹੁਤ ਸਾਰੇ ਕਿਸਾਨਾਂ ਨੇ ਐਤਕੀਂ ਦੀਵਾਲੀ ਵਾਲੀ ਰਾਤ ਆਪਣੀਆਂ ਜਿਣਸਾਂ ਦੀਆਂ ਢੇਰੀਆਂ ’ਤੇ ਗੁਜ਼ਾਰੀ। ਬੀਤੀ ਕੱਲ੍ਹ ਦੀਵਾਲੀ ਵਾਲੇ ਦਿਨ ਸਿਰਫ ਕਿਸਾਨਾਂ ਦਾ ਝੋਨਾ ਹੀ ਨਹੀਂ ਵਿਕਿਆ, ਜਦੋਂ ਕਿ ਦੁਕਾਨਦਾਰਾਂ ਦਾ ਸਭ ਕੁਝ ਵਿਕਿਆ। ਮਾਨਸਾ ਜ਼ਿਲ੍ਹੇ ਵਿਚਲੇ ਖਰੀਦ ਕੇਂਦਰਾਂ ਵਿਚੋਂ ਇਕੱਤਰ ਕੀਤੇ ਅੰਕੜਿਆਂ ਤੋਂ ਜਾਣਕਾਰੀ ਮਿਲੀ ਹੈ, ਕਿ ਜ਼ਿਲ੍ਹੇ ਦੇ ਕਿਸੇ ਵੀ ਖਰੀਦ ਕੇਂਦਰ ਵਿਚ ਕੱਲ੍ਹ ਦੀਵਾਲੀ ਵਾਲੇ ਦਿਨ ਇੱਕ ਦਾਣਾ ਵੀ ਝੋਨੇ ਦਾ ਨਹੀਂ ਵਿਕਿਆ ਅਤੇ ਨਾ ਹੀ ਕੋਈ ਢੇਰੀ ਪਹਿਲਾਂ ਤੋਂ ਬੋਲੀ ਲੱਗੇ ਝੋਨੇ ਦੀ ਤੁਲੀ ਹੈ, ਜਦੋਂ ਕਿ ਜ਼ਿਲ੍ਹਾ ਅਧਿਕਾਰੀਆਂ ਵਲੋਂ ਜ਼ਿਲ੍ਹੇ ਦੀਆਂ ਮੰਡੀਆਂ ਦੇ ਕੀਤੇ ਦੌਰੇ ਦੌਰਾਨ ਸਾਫ਼ ਕਿਹਾ ਗਿਆ ਕਿ ਜਿਹੜੇ ਕਿਸਾਨਾਂ ਦਾ ਕਈ ਦਿਨਾਂ ਤੋਂ ਮੰਡੀਆਂ ਵਿਚ ਸੁੱਕਾ ਝੋਨਾ ਆਇਆ ਪਿਆ ਹੈ, ਉਸ ਨੂੰ ਦੀਵਾਲੀ ਵਾਲੇ ਦਿਨ ਤੋਲੇ ਤੋਂ ਬਿਨਾਂ ਨਹੀਂ ਰਹਿਣ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਮੰਡੀ ਵਿਚ ਗੇੜਾ ਹੀ ਨਹੀਂ ਮਾਰਿਆ ਅਤੇ ਆਥਣ ਤੱਕ ਕਿਸਾਨ ਅਤੇ ਤੋਲੇ ਮਜ਼ਦੂਰ ਉਨ੍ਹਾਂ ਦਾ ਰਾਹ ਤੱਕਦੇ ਰਹੇ।
ਮਾਨਸਾ ਜ਼ਿਲ੍ਹੇ ਦੀ ਇਕ ਅਹਿਮ ਮੰਡੀ ਭੈਣੀਬਾਘਾ ਵਿਖੇ 5-6 ਦਿਨਾਂ ਤੋਂ ਬੈਠੇ ਕਿਸਾਨ ਸੁਖਦੇਵ ਸਿੰਘ, ਚਰਨਾ ਸਿੰਘ, ਮਿਲਖਾ ਸਿੰਘ, ਜੀਤ ਸਿੰਘ, ਸੰਤੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਆਸ ਸੀ ਕਿ ਉਹ ਦੀਵਾਲੀ ਵਾਲੇ ਦਿਨ ਝੋਨਾ ਵੇਚਕੇ ਘਰਾਂ ਨੂੰ ਚਲੇ ਜਾਣਗੇ, ਪਰ ਦੀਵਾਲੀ ਵਾਲੀ ਰਾਤ ਉਨ੍ਹਾਂ ਨੂੰ ਪਰਿਵਾਰ ਤੋਂ ਦੂਰ ਮੰਡੀਆਂ ਵਿਚ ਗੁਜ਼ਾਰਨੀ ਪਈ। ਖਾਰਾ ਦੇ ਖਰੀਦ ਕੇਂਦਰ ਵਿਚ ਵੀ ਕਿਸਾਨ ਆਪਣੀ ਜਿਣਸ ਨਾ ਤੁਲਣ ਕਾਰਨ ਮੰਡੀ ਵਿਚ ਰਾਤ ਨੂੰ ਬੱਝੇ ਰਹੇ। ਇਸੇ ਤਰ੍ਹਾਂ ਮਾਨਸਾ ਦੀ ਅਨਾਜ ਮੰਡੀ ਵਿਚ ਕਰਤਾਰ ਸਿੰਘ, ਜਗਤਾਰ ਸਿੰਘ ਕਈ ਦਿਨਾਂ ਤੋਂ ਝੋਨਾ ਲਈ ਬੈਠੇ ਹਨ ਅਤੇ ਆਪਣੀ ਬੋਲੀ ਨੂੰ ਉਡੀਕ ਰਹੇ ਹਨ, ਪਰ ਕੋਈ ਅਧਿਕਾਰੀ ਤੇ ਕਰਮਚਾਰੀ ਮੰਡੀ ਵਿਚ ਬਹੁੜ ਨਹੀਂ ਰਿਹਾ।
ਅਨੇਕਾਂ ਮੰਡੀਆਂ ਵਿਚ ਦੁਖੀ ਹੋਏ ਕਿਸਾਨਾਂ ਦਾ ਝੋਨਾ ਜਦੋਂ ਦੀਵਾਲੀ ਵਾਲੇ ਦਿਨ ਨਾ ਵਿਕਿਆ ਤਾਂ ਸਾਰੀ ਰਾਤ ਮੰਜੀਆਂ ’ਤੇ ਪਏ ਕਿਸਾਨ ਪੰਜਾਬ ਸਰਕਾਰ ਨੂੰ ਕੋਸਦੇ ਰਹੇ। ਦੂਜੇ ਬੰਨ੍ਹੇ ਇਨ੍ਹਾਂ ਕਿਸਾਨਾਂ ਦੇ ਪਰਿਵਾਰ ਦੀਵਾਲੀ ਦੀਆਂ ਖੁਸ਼ੀਆਂ ਮਨਾਉਣ ਦੀ ਆਪਣੇ ਪਰਿਵਾਰਕ ਮੁਖੀਆਂ ਨੂੰ ਉਡੀਕਦੇ ਰਹੇ।