ਲਖਵਿੰਦਰ ਸਿੰਘ
ਮਲੋਟ, 30 ਅਕਤੂਬਰ
ਕੈਂਪ ਇਲਾਕੇ ਵਿੱਚ ਸਥਿਤ ਦੋ ਘਰਾਂ ਦੀ ਅੱਜ ਤੜਕਸਾਰ ਸ਼ਰਾਬ ਕਾਰੋਬਾਰੀਆਂ ਦੇ ਦਰਜਨ ਦੇ ਕਰੀਬ ਹਥਿਆਰਬੰਦ ਕਰਿੰਦਿਆਂ ਨੇ ਤਲਾਸ਼ੀ ਦੀ ਆੜ ਹੇਠ ਭੰਨ-ਤੋੜ ਕੀਤੀ।
ਘਰ ਦੇ ਮਾਲਕ ਸੁਨੀਲ ਕੁਮਾਰ ਅਤੇ ਘਰੇਲੂ ਔਰਤਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਘਰ ਦੀ ਤਲਾਸ਼ੀ ਲੈਣੀ ਹੀ ਸੀ ਤਾਂ ਨਾਲ ਸਬੰਧਤ ਪੁਲੀਸ ਹੋਣੀ ਲਾਜ਼ਮੀ ਸੀ ਪਰ ਇਨ੍ਹਾਂ ਨਾਲ ਕੇਵਲ ਆਬਕਾਰੀ ਮੁਲਾਜ਼ਮ ਤੇ ਦਰਜਨ ਦੇ ਕਰੀਬ ਨੌਜਵਾਨ ਸਨ, ਜਿਨ੍ਹਾਂ ਦੇ ਹੱਥਾਂ ਵਿੱਚ ਲੱਕੜ ਦੇ ਦਸਤੇ ਤੇ ਰਾਡ ਫੜੇ ਹੋਏ ਸਨ। ਜਦ ਉਹ ਜਬਰਦਸਤੀ ਅੰਦਰ ਵੜੇ ਤਾਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਪਰ ਉਹ ਨਹੀਂ ਰੁਕੇ ਅਤੇ ਔਰਤਾਂ ਨੂੰ ਧੱਕੇ ਮਾਰਦਿਆਂ ਅੰਦਰ ਵੜ ਗਏ ਤੇ ਸਾਰੇ ਘਰ ਦੀ ਤਲਾਸ਼ੀ ਲਈ ਪਰ ਕੁਝ ਵੀ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਸ਼ਰਾਬ ਕਾਰੋਬਾਰੀਆਂ ਦੇ ਕਰਿੰਦਿਆਂ ਦੇ ਜਾਣ ਤੋਂ ਬਾਅਦ ਥਾਣਾ ਸਿਟੀ ਮਲੋਟ ਦੇ ਇੰਚਾਰਜ ਅੰਗਰੇਜ਼ ਸਿੰਘ ਮੌਕੇ ’ਤੇ ਪਹੁੰਚੇ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ। ਥਾਣਾ ਸਿਟੀ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਪੀੜਤ ਪਰਿਵਾਰ ਨੇ ਜ਼ਿਲ੍ਹਾ ਪੁਲੀਸ ਕਪਤਾਨ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਹੁਣ ਉਨ੍ਹਾਂ ’ਤੇ ਬਾਕਾਇਦਾ ਕੇਸ ਦਰਜ ਹੋਣਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਹੋਰ ਘਰ ਜਾ ਕੇ ਅਜਿਹੀ ਗੁੰਡਾਗਰਦੀ ਨਾ ਕਰਨ।
ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਆਪਣੇ ਪੂਰੇ ਪਰਿਵਾਰ ਸਮੇਤ ਆਤਮ-ਹੱਤਿਆ ਕਰ ਲੈਣਗੇ। ਉਧਰ ਸ਼ਰਾਬ ਕਾਰੋਬਾਰੀ ਤੇ ਸਰਪੰਚ ਬਲਰਾਜ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪ੍ਰਾਪਤ ਹੋਈ ਸੂਚਨਾ ਦੇ ਆਧਾਰ ’ਤੇ ਹੀ ਪੁਲੀਸ ਅਤੇ ਮੁਲਾਜ਼ਮਾਂ ਸਮੇਤ ਛਾਪਾ ਮਾਰਿਆ ਗਿਆ। ਥਾਣਾ ਸਿਟੀ ਦੇ ਇੰਚਾਰਜ ਅੰਗਰੇਜ਼ ਸਿੰਘ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ।