ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਜੂਨ
ਪੰਜਾਬ ਕਾਂਗਰਸ ’ਚ ਕਾਟੋ ਕਲੇਸ਼ ਤੇ ਸਿਆਸੀ ਘਮਸਾਨ ਨੂੰ ਸ਼ਾਂਤ ਕਰਨ ਲਈ ਹਾਈ ਕਮਾਨ ਵੱਲੋਂ ਬਣਾਏ ਤਿੰਨ ਮੈਂਬਰੀ ਪੈਨਲ ਵੱਲੋਂ ਵਿਧਾਇਕਾਂ, ਮੰਤਰੀਆਂ ਤੇ ਸੰਸਦ ਮੈਂਬਰਾਂ ਨਾਲ ਉਨ੍ਹਾਂ ਦੇ ਦਿਲ ਦੀ ਜਾਣਨ ਅਤੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
ਇਸ ਦੌਰਾਨ ਸੂਬੇ ’ਚ ਪੰਜਾਬ ਦਾ ਇੱਕ ਹੀ ਕੈਪਟਨ ਵਾਲੇ ਫਲੈਕਸੀ ਹੋਰਡਿੰਗ ਲੱਗ ਰਹੇ ਹਨ। ਇੱਥੇ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਪਰਮਪਾਲ ਸਿੰਘ ਤਖਤੂਪੁਰਾ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਜਗਰੂਪ ਸਿੰਘ ਤਖਤੂਪੁਰਾ ਵੱਲੋਂ ‘ਪੰਜਾਬ ਦਾ ਇੱਕ ਹੀ ਕੈਪਟਨ’ ਦੇ ਫਲੈਕਸੀ ਹੋਰਡਿੰਗ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਇਕ ਹੀ ਹੁੰਦਾ ਹੈ ਮਤਲਬ ਪੰਜਾਬ ’ਚ ਹੁਣ ਅਮਰਿੰਦਰ ਹੀ ਹੋਣਗੇ ‘ਕੈਪਟਨ’। ਉਨ੍ਹਾਂ ਅੱਗੇ ਕਿਹਾ ਕਿ ਇਹ ਹੋਰਡਿੰਗਜ਼ ਸ਼ਹਿਰਾਂ ਅਤੇ ਹੋਰ ਕੌਮੀ ਮਾਰਗਾਂ ਉੱਤੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ਼ੀ, ਔਰਤਾਂ ਲਈ ਮੁਫ਼ਤ ਬੱਸ ਸਫ਼ਰ, ਬੁਢਾਪਾ ਪੈਨਸ਼ਨ ’ਚ ਵਾਧਾ ਤੇ ਹੋਰ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਗਿਣਾਉਣ ਲਈ ਲੋਕਾਂ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਜਿਵੇਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਦਮਦਾਰ ਜਿੱਤ ਮਿਲੀ ਸੀ ਠੀਕ ਉਸ ਤਰ੍ਹਾਂ ਹੀ ਸਾਲ 2022 ਵਿੱਚ ਉਨ੍ਹਾਂ ਦੀ ਅਗਵਾਈ ਹੇਠ ਸਰਕਾਰ ਬਣੇਗੀ।