ਪੱਤਰ ਪ੍ਰੇਰਕ
ਲੰਬੀ, 23 ਅਕਤੂਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (ਮੁਕਤਸਰ ਜੋਨ) ਦੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ‘ਮੇਜ਼ਬਾਨ’ ਦਸਮੇਸ਼ ਗਰਲਜ਼ ਕਾਲਜ ਬਾਦਲ ਨੇ 192 ਦੇ ਅੰਕਾਂ ਦੇ ਨਾਲ ਓਵਰ ਆਲ ਟਰਾਫ਼ੀ ‘ਤੇ ਕਬਜ਼ਾ ਕਰ ਲਿਆ ਹੈ। ਜਦਕਿ ਡੀ.ਏ.ਵੀ. ਕਾਲਜ ਅਬੋਹਰ ਨੇ 111 ਅੰਕਾਂ ਦੇ ਨਾਲ ਦੂਜਾ ਸਥਾਨ ਹਾਸਲ ਕੀਤਾ। ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਨੇ (79 ਅੰਕ) ਨਾਲ ਤੀਜਾ, ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ (73 ਅੰਕ) ਨਾਲ ਤੀਜਾ ਅਤੇ ਭਾਗ ਸਿੰਘ ਖਾਲਸਾ ਕਾਲਜ ਕਾਲਾ ਟਿੱਬਾ (72 ਅੰਕਾਂ) ਚੌਥੇ ਨੰਬਰ ‘ਤੇ ਰਿਹਾ। ਮੁਕਾਬਲਿਆਂ ਵਿੱਖ ਦਸਮੇਸ਼ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਵਿਰਾਸਤੀ ਪੇਸ਼ਕਾਰੀਆਂ ‘ਚ ਬੁਣਤੀ, ਫੁਲਕਾਰੀ, ਦਸੂਤੀ, ਪੱਖੀ ਅਤੇ ਰੰਗੋਲੀ ਅਤੇ ਹੈਰੀਟੇਜ਼ ਕੁਇੱਜ਼ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ।
ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਪ੍ਰਿੰਸੀਪਲ ਡਾ.ਐਸ.ਐਸ. ਸੰਘਾ ਨੇ ਦੱਸਿਆ ਕਿ ਫੋਕ ਆਰਕੈਸਟਰ ਮੁਕਾਬਲਿਆਂ ‘ਚ ਗੁਰੂ ਨਾਨਕ ਕਾਲਜ ਅਬੋਹਰ ਨੇ ਪਹਿਲਾ, ਐਮ.ਆਰ.ਐਸ. ਮਲੋਟ ਨੇ ਦੂਸਰਾ ਅਤੇ ਸੀ.ਜੀ.ਐਮ. ਮੋਹਲਾਂ ਨੇ ਤੀਸਰਾ ਸਥਾਨ ਹਾਸਲ ਕੀਤਾ। ਜਦਕਿ ਗਿੱਧਾ ਮੁਕਾਬਲਿਆਂ ਵਿੱਚ ਕ੍ਰਮਵਾਰ ਡੀ.ਏ.ਵੀ. ਕਾਲਜ ਅਬੋਹਰ, ਗੁਰੂਨਾਨਕ ਕਾਲਰ ਸ੍ਰੀ ਮੁਕਤਸਰ ਸਾਹਿਬ ਅਤੇ ਭਾਗ ਸਿੰਘ ਕਾਲਜ ਅਬੋਹਰ ਜੇਤੂ ਰਹੇ। ਕਰੋਸ਼ੀਆ ਮੁਕਾਬਲਿਆਂ ‘ਚ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਸਥਾਨ ਹਾਸਲ ਕੀਤਾ। ਮਹਿੰਦੀ ਮੁਕਾਬਲਿਆਂ ਵਿੱਚ ਦਸਮੇਸ਼ ਖਾਲਸਾ ਕਾਲਜ ਮੁਕਤਸਰ ਸਾਹਿਬ ਨੇ ਪਹਿਲਾ ਸਥਾਨ ਹਾਸਲ ਕੀਤਾ। ਵਾਰ ਅਤੇ ਕਲੀ ਮੁਕਾਬਲਿਆਂ ‘ਚ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਪਹਿਲਾ, ਕਵਿਸ਼ਰੀ ਮੁਕਾਬਲੇ ਵਿੱਚ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਅਤੇ ਬਾਗ ਮੁਕਾਬਲਿਆਂ ‘ਚ ਭਾਗ ਸਿੰਘ ਕਾਲਜ ਕਾਲਾ ਟਿੱਬਾ ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਸੰਘਾ ਨੇ ਜੋ਼ਨਲ ਯੁਵਕ ਅਤੇ ਵਿਰਾਸਤੀ ਮੇਲੇ ਦੇ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਨ ਵਾਲੇ ਦਸਮੇਸ਼ ਗਰਲਜ਼ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।