ਜੋਗਿੰਦਰ ਸਿੰਘ ਮਾਨ
ਮਾਨਸਾ, 29 ਦਸੰਬਰ
ਸਿਹਤ ਮੁਲਾਜ਼ਮ ਤਾਲਮੇਲ ਕਮੇਟੀ ਦੇ ਬੈਨਰ ਹੇਠ ਸਿਹਤ ਵਿਭਾਗ ਮਾਨਸਾ ਦੇ ਸਮੂਹ ਮੁਲਾਜ਼ਮਾਂ ਵੱਲੋਂ ਸ਼ਹਿਰ ਵਿੱਚ ਸਿਵਲ ਹਸਪਤਾਲ ਤੋਂ ਇੱਕ ਵਿਸ਼ਾਲ ਰੋਸ ਮਾਰਚ ਸ਼ੁਰੂ ਕਰਦਿਆਂ ਬਾਰਾਂ ਹੱਟਾਂ ਚੌਕ ਮਾਨਸਾ ਵਿੱਚ ਪੰਜਾਬ ਸਰਕਾਰ ਦਾ ਜਬਰਦਸ਼ਤ ਪਿੱਟ-ਸਿਆਪਾ ਕਰ ਕੇ ਅਰਥੀ ਸਾੜੀ ਗਈ। ਇਸ ਮੌਕੇ ’ਤੇ ਸਿਹਤ ਮੁਲਾਜ਼ਮਾਂ ਵੱਲੋਂ ਇੱਕ ਦਿਨ ਦੀ ਮੁਕੰਮਲ ਹੜਤਾਲ ਵੀ ਕੀਤੀ ਗਈ। ਸਿਹਤ ਮੁਲਾਜ਼ਮ ਤਾਲਮੇਲ ਕਮੇਟੀ ਦੇ ਆਗੂ ਡਾ. ਅਰਸ਼ਦੀਪ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਫੋਕੀ ਬਿਆਨਬਾਜ਼ੀ ਕਰ ਕੇ ਮੁਲਾਜ਼ਮ ਵਰਗ ਅਤੇ ਆਮ ਲੋਕਾਂ ਨੂੰ ਗੁਮਰਾਹ ਕਰਦੀ ਆ ਰਹੀ ਹੈ। ਇਸ ਮੌਕੇ ਸੰਦੀਪ ਸਿੰਘ, ਗੁਰਵਿੰਦਰ ਕੌਰ, ਕੇਵਲ ਸਿੰਘ, ਗੁਰਜੀਵਨ ਸਿੰਘ, ਡਾ. ਕਿਰਨਵਿੰਦਰ ਪ੍ਰੀਤ ਸਿੰਘ ਤੇ ਡਾ. ਦਿਸ਼ਾ ਸਣੇ ਹੋਰਾਂ ਨੇ ਵੀ ਸੰਬੋਧਨ ਕੀਤਾ।
ਬਰਨਾਲਾ (ਪਰਸ਼ੋਤਮ ਬੱਲੀ): ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਲਈ ਹੜਤਾਲ ’ਤੇ ਚੱਲ ਰਹੇ ਕੌਮੀ ਸਿਹਤ ਮਿਸ਼ਨ ਕਾਮਿਆਂ ਵੱਲੋਂ ਚੰਨੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ। ਮੁਜ਼ਾਹਰੇ ਦੌਰਾਨ ਸੰਬੋਧਨ ਕਰਦਿਆਂ ਐੱਨਐੱਚਐੱਮ ਯੂਨੀਅਨ ਦੇ ਜ਼ਿਲ੍ਹਾ ਆਗੂ ਕਮਲਜੀਤ ਕੌਰ ਪੱਤੀ, ਸੰਦੀਪ ਕੌਰ ਸੀਐੱਚਓ ਤੇ ਮਨਦੀਪ ਕੌਰ ਨੇ ਕਿਹਾ ਕਿ ਸਾਰੇ ਕੱਚੇ ਕਾਮੇ ਪੱਕੇ ਕਰਨ ਦਾ ਵਾਅਦਾ ਕਰਨ ਵਾਲੀ ਸਰਕਾਰ ਹੁਣ 36 ਹਜ਼ਾਰ ਕਾਮੇ ਪੱਕੇ ਕਰਨ ਤੋਂ ਵੀ ਭੱਜ ਚੁੱਕੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕੱਚੇ ਕਾਮੇ ਚੋਣ ਜ਼ਾਬਤਾ ਲੱਗਣ ਉਪਰੰਤ ਵੀ ਚੁੱਪ ਨਹੀਂ ਬੈਠਣਗੇ।
ਸ਼ਹਿਣਾ (ਪੱਤਰ ਪ੍ਰੇਰਕ): ਸਿਹਤ ਵਿਭਾਗ ’ਚ ਐੱਨਆਰਐੱਚਐੱਮ ਤਹਿਤ ਕੰਮ ਕਰਦੇ ਕਾਮਿਆਂ ਦੀ ਲਗਾਤਾਰ ਚੱਲ ਰਹੀ ਹੜਤਾਲ ਕਾਰਨ ਟੀਕਾਕਰਨ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਕਸਬਾ ਸ਼ਹਿਣਾ ‘ਚ ਨੈਸ਼ਨਲ ਰੂਰਲ ਹੈਲਥ ਮਿਸ਼ਨ ਤਹਿਤ ਦੋ ਮੁਲਾਜ਼ਮ ਹਨ ਅਤੇ ਦੋਹੇ ਹੀ ਹੜਤਾਲ ’ਤੇ ਹਨ। ਗਰਭਵਤੀ ਮਾਵਾਂ ਦੇ ਟੀਕਾਕਰਨ, 0-5 ਸਾਲ ਦੇ ਬੱਚਿਆਂ ਦੇ ਟੀਕਾਕਰਨ ਅਤੇ ਛੋਟੇ ਬੱਚਿਆਂ ਦੀ ਖੁਰਾਕ ਦਾ ਕੰਮ ਬੁਰੀ ਤਰ੍ਹਾਂ ਪਭਾਵਿਤ ਹੋਇਆ ਹੈ। ਆਲ ਇੰਡੀਆ ਰੰਘਰੇਟਾ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਧਾਲੀਵਾਲ ਨੇ ਸਰਕਾਰ ਨੂੰ ਇਨ੍ਹਾਂ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ।